ਹੋਰ

ਹੱਡੀਆਂ ਦੀ ਬਿਮਾਰੀ/Bone Disease

This page is also available in Chinese and English.

ਹੱਡੀਆਂ ਦੀ ਬਿਮਾਰੀ

ਗਠੀਆ ਜਾਂ ਜੋੜਾਂ ਦਾ ਦਰਦ

ਗਠੀਆ ਇੱਕ ਅਜਿਹਾ ਸ਼ਬਦ ਹੈ ਜਿਸ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਕਵਰ ਹੁੰਦੀਆਂ ਹਨ ਜਿਨ੍ਹਾਂ ਦਾ ਵਰਣਨ ਅਕਸਰ ਜੋੜਾਂ ਵਿੱਚ ਸੋਜ਼ਸ਼ ਨਾਲ ਕੀਤਾ ਜਾਂਦਾ ਹੈ। ਸੋਜ਼ਸ਼ ਦੇ ਕਾਰਨ ਲਾਲੀ ਅਤੇ ਸੋਜ ਹੋ ਸਕਦੀ ਹੈ, ਜਿਸ ਕਾਰਨ ਦਰਦ ਹੋ ਸਕਦਾ ਹੈ ਅਤੇ ਗਠੀਏ ਦੇ ਰੋਗ ਵਿੱਚ ਅਕਸਰ ਜੋੜਾਂ ਵਿੱਚ ਅਕੜਣ ਮਹਿਸੂਸ ਕੀਤੀ ਜਾਂਦੀ ਹੈ।

ਆਮ ਤੌਰ ‘ਤੇ ਚੂਲਾ, ਗੋਡੇ, ਰੀੜ੍ਹ ਦੀ ਹੱਡੀ ਅਤੇ ਉਂਗਲਾਂ ‘ਤੇ ਅਸਰ ਪੈਂਦਾ ਹੈ ਪਰ ਗਠੀਆ ਲਗਭਗ ਸਰੀਰ ਦੇ ਹਰੇਕ ਹਿੱਸੇ ਨੂੰ ਪ੍ਰਭਾਵਿਤ ਕਰ ਸਕਦਾ ਹੈ। ਗਠੀਏ ਦੀਆਂ ਸਭ ਤੋਂ ਆਮ ਕਿਸਮਾਂ ਵਿੱਚ ਔਸਟਿਓ -ਅਰਥਰਾਇਟਿਸ, ਗਾਉਟ ਅਤੇ ਰੂਮਅਟੌਇਡ ਅਰਥਰਾਇਟਿਸ ਸ਼ਾਮਲ ਹਨ। ਗਠੀਏ ਦੀਆਂ ਵੱਖ-ਵੱਖ ਕਿਸਮਾਂ ਦੇ ਵੱਖੋ-ਵੱਖਰੇ ਲੱਛਣ ਹੋ ਸਕਦੇ ਹਨ ਅਤੇ ਵੱਖੋ-ਵੱਖਰੇ ਇਲਾਜ ਦੀ ਜ਼ਰੂਰਤ ਹੁੰਦੀ ਹੈ। ਇਸ ਸਮੇਂ ਗਠੀਏ ਦਾ ਕੋਈ ਇਲਾਜ ਨਹੀਂ ਹੈ, ਪਰ ਖੁਰਾਕ, ਕਸਰਤ ਅਤੇ ਦਵਾਈਆਂ ਦੁਆਰਾ ਦੇਖਭਾਲ ਕੀਤੀ ਜਾ ਸਕਦੀ ਹੈ।

ਔਸਟਿਓ-ਅਰਥਰਾਇਟਿਸ

ਔਸਟਿਓ-ਅਰਥਰਾਇਟਿਸ (OA) ਇੱਕ ਵਧਣ ਵਾਲੀ ਬਿਮਾਰੀ ਹੈ ਜੋ ਉਪਾਸਥੀ (ਕਾਰਟੀਲੇਜ) ਅਤੇ ਹੱਡੀਆਂ ਦੇ ਜੋੜਾਂ ਵਿੱਚ ਹੋਏ ਨੁਕਸਾਨ ਕਾਰਨ ਹੁੰਦੀ ਹੈ। ਕਾਰਟੀਲੇਜ, ਸਖ਼ਤ ਲਚਕੀਲਾ ਪਦਾਰਥ ਹੁੰਦਾ ਹੈ, ਜੋ ਜੋੜਾਂ ਦੀਆਂ ਹੱਡੀਆਂ ਦੀ ਇੱਕ-ਦੂਜੇ ਨਾਲ ਰਗੜ ਹੋਣ ਤੋਂ ਰੱਖਿਆ ਕਰਦਾ ਹੈ। ਹੱਡੀਆਂ ਦੇ ਵਿਚਕਾਰ ਸੰਪਰਕ ਹੋਣ ਕਾਰਨ ਦਰਦ, ਅਕੜਣ ਅਤੇ ਸੋਜ ਹੋ ਸਕਦੀ ਹੈ। OA ਦੇ ਸਭ ਤੋਂ ਆਮ ਲੱਛਣਾਂ ਵਿੱਚ ਜੋੜਾਂ ਦਾ ਦਰਦ, ਸਵੇਰ ਦੇ ਵੇਲੇ 30 ਮਿੰਟਾਂ ਤੋਂ ਘੱਟ ਸਮੇਂ ਤੱਕ ਅਕੜਣ ਮਹਿਸੂਸ ਹੋਣਾ ਅਤੇ ਪ੍ਰਭਾਵਿਤ ਜੋੜਾਂ ਵਿੱਚ ਹਰਕਤ ਕਰਨ ਦੀ ਸੀਮਾ ਘਟ ਜਾਣਾ ਆਦਿ ਸ਼ਾਮਲ ਹਨ।

ਗਾਉਟ

ਗਾਉਟੀ ਅਰਥਰਾਇਟਿਸ, ਜਿਸ ਨੂੰ ਗਾਉਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਖੂਨ ਵਿੱਚ ਯੂਰਿਕ ਐਸਿਡ ਦੇ ਉੱਚ ਪੱਧਰ ਦੇ ਕਾਰਨ ਹੁੰਦਾ ਹੈ। ਯੂਰਿਕ ਐਸਿਡ ਆਮ ਤੌਰ ‘ਤੇ ਇੱਕ ਵਾਧੂ ਪਦਾਰਥ ਹੈ ਜੋ ਆਮ ਤੌਰ ‘ਤੇ ਪਿਸ਼ਾਬ ਰਾਹੀਂ ਬਾਹਰ ਨਿੱਕਲ ਜਾਂਦਾ ਹੈ। ਯੂਰਿਕ ਐਸਿਡ ਦਾ ਉੱਚ ਪੱਧਰ ਹਮੇਸ਼ਾ ਹਾਨੀਕਾਰਕ ਨਹੀਂ ਹੁੰਦਾ, ਪਰ ਕੁਝ ਲੋਕਾਂ ਵਿੱਚ ਯੂਰਿਕ ਐਸਿਡ ਜੋੜਾਂ ਵਿੱਚ ਕ੍ਰਿਸਟਲ ਦਾ ਰੂਪ ਲੈ ਲੈਂਦਾ ਹੈ। ਇਸਦੇ ਕਾਰਨ ਦਰਦ ਅਤੇ ਸੋਜ ਦੇ ਲੱਛਣ ਪੈਦਾ ਹੋ ਸਕਦੇ ਹਨ।

ਗਾਉਟ ਅਟੈਕ ਵਿੱਚ ਦਰਦ ਅਤੇ ਸੋਜ ਹੁੰਦੀ ਹੈ ਜੋ ਆਮ ਤੌਰ ‘ਤੇ 8-12 ਘੰਟਿਆਂ ਵਿੱਚ ਵਧ ਸਕਦੀ ਹੈ। ਇਹ ਅਟੈਕ ਆਮ ਤੌਰ ‘ਤੇ ਰਾਤ ਦੇ ਸਮੇਂ ਹੁੰਦਾ ਹੈ। ਲੱਛਣ ਆਮ ਤੌਰ ‘ਤੇ ਅਗਲੇ ਕੁਝ ਦਿਨਾਂ ਵਿੱਚ ਬਿਹਤਰ ਹੋ ਜਾਂਦੇ ਹਨ ਅਤੇ ਕੁਝ ਹੀ ਹਫ਼ਤਿਆਂ ਵਿੱਚ ਚਲੇ ਜਾਂਦੇ ਹਨ। ਹਾਲਾਂਕਿ ਕੋਈ ਦਰਦ ਨਹੀਂ ਹੁੰਦਾ ਹੈ, ਫਿਰ ਵੀ ਯੂਰਿਕ ਐਸਿਡ ਦੇ ਉੱਚ ਪੱਧਰ ਦੇ ਕਾਰਨ ਨੁਕਸਾਨ ਹੋ ਸਕਦਾ ਹੈ, ਇਸ ਲਈ ਗਾਉਟ ਅਟੈਕ ਤੋਂ ਬਾਅਦ ਆਪਣੇ ਡਾਕਟਰ ਨੂੰ ਵਿਖਾਉਣਾ ਚੰਗਾ ਰਹਿੰਦਾ ਹੈ।

ਜੇਕਰ ਕਈ ਸਾਲਾਂ ਤੱਕ ਯੂਰਿਕ ਐਸਿਡ ਦਾ ਪੱਧਰ ਉੱਚ ਰਹਿੰਦਾ ਹੈ ਤਾਂ ਲੰਬੇ ਸਮੇਂ ਦੀ ਗਾਉਟ ਦੀ ਬਿਮਾਰੀ ਵਿਕਸਿਤ ਹੋ ਸਕਦੀ ਹੈ। ਲੰਬੇ ਸਮੇਂ ਦੀ ਗਾਉਟ ਦੀ ਬਿਮਾਰੀ ਵਿੱਚ, ਗਾਉਟ ਅਟੈਕ ਬਹੁਤ ਆਮ ਹੋ ਸਕਦੇ ਹਨ, ਦਰਦ ਦੂਰ ਨਹੀਂ ਹੁੰਦਾ ਅਤੇ ਜੋੜਾਂ ਦੇ ਨੁਕਸਾਨ ਹੋਰ ਸਥਾਈ ਹੋ ਸਕਦੇ ਹਨ। ਗਾਉਟ ਦੇ ਇਲਾਜ ਵਿੱਚ ਅਕਸਰ ਯੂਰਿਕ ਐਸਿਡ ਦੇ ਪੱਧਰ ਨੂੰ ਘਟਾਉਣ ਲਈ ਦਵਾਈ ਲੈਣੀ ਪੈਂਦੀ ਹੈ ਤਾਂ ਜੋ ਗਾਉਟ ਦੇ ਅਟੈਕ ਅਤੇ ਲੰਬੇ ਸਮੇਂ ਦੀ ਗਾਉਟ ਦੀ ਬਿਮਾਰੀ ਨੂੰ ਰੋਕਿਆ ਜਾ ਸਕੇ।

ਰੂਮਅਟੌਇਡ ਅਰਥਰਾਇਟਿਸ

ਰੂਮਅਟੌਇਡ ਅਰਥਰਾਇਟਿਸ (RA) ਆਟੋਇਮਊਨ ਬਿਮਾਰੀ ਹੈ ਜਿਸਦੇ ਨਤੀਜੇ ਵਜੋਂ ਜੋੜਾਂ ਵਿੱਚ ਸੋਜ਼ਸ਼, ਟੁੱਟ-ਭੱਜ ਅਤੇ ਦਰਦ ਹੋ ਸਕਦਾ ਹੈ। ਆਟੋਇਮਊਨ ਬਿਮਾਰੀ ਵਿੱਚ, ਰੋਗ ਪ੍ਰਤਿਰੋਧੀ ਪ੍ਰਣਾਲੀ – ਜੋ ਆਮ ਤੌਰ ‘ਤੇ ਸੰਕ੍ਰਮਣ ਆਦਿ ਤੋਂ ਸਰੀਰ ਦੀ ਰੱਖਿਆ ਕਰਦੀ ਹੈ – ਉਹ ਗਲਤੀ ਨਾਲ ਆਪਣੇ ਹੀ ਸਰੀਰ ਦੇ ਕਿਸੇ ਹਿੱਸੇ ਨੂੰ ਨਿਸ਼ਾਨਾ ਬਣਾਉਂਦੀ ਹੈ। RA ਅਕਸਰ ਸਰੀਰ ‘ਤੇ ਸਮਰੂਪੀ ਅਸਰ ਪਾਵੇਗਾ। ਇਸਦਾ ਮਤਲਬ ਹੈ ਕਿ ਜੇਕਰ ਤੁਹਾਡੇ ਸੱਜੇ ਗੋਡੇ ‘ਤੇ ਅਸਰ ਪਿਆ ਹੈ ਤਾਂ ਤੁਹਾਡੇ ਖੱਬੇ ਗੋਡੇ ‘ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ। RA ਦੇ ਇਲਾਜ ਵਿੱਚ ਦਰਦ ਹੋਣ ‘ਤੇ ਮਦਦ ਵਾਸਤੇ, ਸੋਜ਼ਸ਼ ਨੂੰ ਘਟਾਉਣ ਅਤੇ ਸਥਾਈ ਨੁਕਸਾਨ ਤੋਂ ਬਚਾਉਣ ਲਈ ਦਵਾਈਆਂ ਦੀ ਵਰਤੋਂ ਸ਼ਾਮਲ ਹੁੰਦੀ ਹੈ।

ਔਸਟਿਓਪੋਰੋਸਿਸ

ਔਸਟਿਓਪੋਰੋਸਿਸ ਅਜਿਹੀ ਬਿਮਾਰੀ ਹੈ ਜਿਸ ਵਿੱਚ ਹੱਡੀਆਂ ਆਮ ਨਾਲੋਂ ਜ਼ਿਆਦਾ ਪਤਲੀਆਂ ਅਤੇ ਕਮਜ਼ੋਰ ਹੋ ਜਾਂਦੀਆਂ ਹਨ। ਇਸ ਦੇ ਨਤੀਜੇ ਵਜੋਂ ਸਰੀਰ ਦੇ ਉਹਨਾਂ ਹਿੱਸਿਆਂ ਦੀਆਂ ਹੱਡੀਆਂ ਦੇ ਟੁੱਟਣ (ਫ੍ਰੈਕਚਰ) ਦਾ ਵੱਧ ਖ਼ਤਰਾ ਹੁੰਦਾ ਹੈ ਜੋ ਆਮ ਤੌਰ ‘ਤੇ ਆਸਾਨੀ ਨਾਲ ਨਹੀਂ ਟੁੱਟ ਸਕਦੀਆਂ, ਜਿਵੇਂ ਕਿ ਰੀੜ੍ਹ ਅਤੇ ਚੂਲੇ ਦੀ ਹੱਡੀ। ਹੋ ਸਕਦਾ ਹੈ ਕਿ ਜਦੋਂ ਤੱਕ ਬਿਮਾਰੀ ਬਹੁਤ ਵਧ ਨਹੀਂ ਜਾਂਦੀ ਓਦੋਂ ਤੱਕ ਔਸਟਿਓਪੋਰੋਸਿਸ ਦੇ ਲੱਛਣ ਦਿਖਾਈ ਨਾ ਦੇਣ। ਪਹਿਲਾ ਲੱਛਣ ਇਹ ਹੋ ਸਕਦਾ ਹੈ ਕਿ ਸੱਟ ਵੱਜਣ ਜਾਂ ਡਿੱਗਣ ਕਾਰਨ ਹੱਡੀ ਦਾ ਟੁੱਟ ਜਾਣਾ (ਫ੍ਰੈਕਚਰ ਹੋਣਾ)। ਹੋਰ ਲੱਛਣਾਂ ਵਿੱਚ ਪਿੱਠ ਦਾ ਦਰਦ ਅਤੇ ਅਸਧਾਰਨ ਤੌਰ ‘ਤੇ ਕੱਦ ਛੋਟਾ ਹੋਣਾ ਸ਼ਾਮਲ ਹੋ ਸਕਦੇ ਹਨ।

ਜੋਖਮ ਦੇ ਕਾਰਕ

ਜਿਵੇਂ-ਜਿਵੇਂ ਉਮਰ ਵਧਦੀ ਜਾਂਦੀ ਹੈ ਆਮ ਤੌਰ ‘ਤੇ ਹੱਡੀਆਂ ਦਾ ਨੁਕਸਾਨ ਹੁੰਦਾ ਰਹਿੰਦਾ ਹੈ। ਔਸਟਿਓਪੋਰੋਸਿਸ ਵਿੱਚ, ਹੱਡੀਆਂ ਦਾ ਨੁਕਸਾਨ ਅਤੇ ਕਮਜ਼ੋਰੀ ਆਮ ਨਾਲੋਂ ਜ਼ਿਆਦਾ ਹੁੰਦੀ ਹੈ। ਹਾਲਾਂਕਿ ਇਹ ਅੰਦਾਜ਼ਾ ਲਗਾਉਣਾ ਸੰਭਵ ਨਹੀਂ ਹੈ ਕਿ ਕਿਸ ਨੂੰ ਔਸਟਿਓਪੋਰੋਸਿਸ ਹੋਵੇਗਾ, ਪਰ ਫਿਰ ਵੀ ਕੁਝ ਕਾਰਕ ਹਨ ਜਿਨ੍ਹਾਂ ਕਾਰਨ ਤੁਹਾਨੂੰ ਬਿਮਾਰੀ ਦਾ ਜੋਖਮ ਵਧੇਰੇ ਹੋ ਸਕਦਾ ਹੈ। ਇਨ੍ਹਾਂ ਵਿੱਚ ਸ਼ਾਮਲ ਹਨ:

 • ਵੱਡੀ ਉਮਰ
 • ਔਰਤਾਂ ਜੋ ਮੈਨੋਪੋਜ਼ ‘ਚੋਂ ਗੁਜ਼ਰ ਰਹੀਆ ਹਨ
 • ਔਸਟਿਓਪੋਰੋਸਿਸ ਦਾ ਪਰਿਵਾਰਕ ਪਿਛੋਕੜ
 • ਤਮਾਕੂਨੋਸ਼ੀ
 • ਸ਼ਰਾਬ ਪੀਣਾ
 • ਵਜਨ ਸਹਿਣ ਵਾਲੀਆਂ ਕਸਰਤਾਂ ਘੱਟ ਕਰਨਾ
 • ਕੈਲਸ਼ੀਅਮ ਜਾਂ ਵਿਟਾਮਿਨ ਦੀ ਘਾਟ
 • ਕੁਝ ਦਵਾਈਆਂ ਜਿਵੇਂ ਕਿ ਗਲੂਕੋਕੌਰਟਿਕੋਆਇਡਜ਼ ਆਦਿ ਲੈਣਾ ਜੋ ਹੱਡੀਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ
 • ਕੁਝ ਬਿਮਾਰੀਆਂ ਜਿਵੇਂ ਕਿ ਗਠੀਆ ਆਦਿ ਹੋਣਾ

ਇਲਾਜ

ਔਸਟਿਓਪੋਰੋਸਿਸ ਦੇ ਇਲਾਜ ਵਿੱਚ ਜੀਵਨ ਸ਼ੈਲੀ ਦੇ ਕਾਰਕਾਂ ਵਿੱਚ ਸੁਧਾਰ ਕਰਨਾ ਸ਼ਾਮਲ ਹੈ, ਜਿਵੇਂ ਕਿ ਕਸਰਤ ਕਰਨਾ ਅਤੇ ਚੰਗੀ ਖੁਰਾਕ ਖਾਣ ਦੀ ਆਦਤ ਨੂੰ ਬਣਾਈ ਰੱਖਣਾ। ਦਵਾਈਆਂ ਹੱਡੀਆਂ ਦੇ ਨੁਕਸਾਨ ਨੂੰ ਘਟਾਉਣ ਜਾਂ ਹੱਡੀਆਂ ਦੇ ਨਿਰਮਾਣ ਵਿੱਚ ਸਹਾਇਤਾ ਕਰ ਸਕਦੀਆਂ ਹਨ। ਡਿੱਗਣ ਦੇ ਜੋਖਮ ਨੂੰ ਘੱਟ ਕਰਨਾ ਵੀ ਲਾਜ਼ਮੀ ਹੈ। ਇਸ ਵਿੱਚ ਤੁਹਾਡੇ ਘਰ ਨੂੰ ਸੁਰੱਖਿਅਤ ਬਣਾਉਣ ਲਈ ਤਬਦੀਲੀਆਂ ਕਰਨੀਆਂ ਸ਼ਾਮਲ ਹੋ ਸਕਦੀਆਂ ਹਨ।

ਸਿਹਤਮੰਦ ਹੱਡੀਆਂ ਲਈ 10 ਸੁਝਾਅ

ਅਸੀਂ ਆਪਣੀਆਂ ਹੱਡੀਆਂ ਨੂੰ ਕਿਵੇਂ ਤੰਦਰੁਸਤ ਰੱਖ ਸਕਦੇ ਹਾਂ?

ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਜਾਂਦੀ ਹੈ, ਸਾਡੀਆਂ ਹੱਡੀਆਂ ਅਤੇ ਜੋੜ ਕਮਜ਼ੋਰ ਹੋ ਸਕਦੇ ਹਨ ਜਿਸ ਕਰਕੇ ਸਾਡੀ ਪਹਿਲਾਂ ਵਾਂਗ ਤੁਰਨ ਦੀ ਸਮਰੱਥਾ ਪ੍ਰਭਾਵਤ ਹੋ ਸਕਦੀ ਹੈ। ਤੁਰਨ-ਫਿਰਨ ਅਤੇ ਹੱਡੀਆਂ ਦੀ ਮਜ਼ਬੂਤੀ ਵਿੱਚ ਸਮੱਸਿਆਵਾਂ ਹੋਣ ਦੇ ਕਾਰਨ ਹੱਡੀਆਂ ਦੇ ਟੁੱਟਣ ਦਾ ਰੋਗ ਅਤੇ ਜੋੜਾਂ ਦਾ ਦਰਦ (ਗਠੀਆ) ਸ਼ੁਰੂ ਹੋ ਜਾਂਦੇ ਹਨ। ਇਸ ਜਾਦਕਾਰੀ ਪੱਤਰ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਅਸੀਂ ਆਪਣੀਆਂ ਹੱਡੀਆਂ ਨੂੰ ਤੰਦਰੁਸਤ ਰੱਖਣ ਲਈ ਕੀ ਕਰ ਸਕਦੇ ਹਾਂ:

 1. ਕੈਲਸ਼ੀਅਮ ਅਤੇ ਵਿਟਾਮਿਨ ਡੀ ਦੇ ਸਪਲੀਮੈਂਟ 50 ਸਾਲ ਤੋਂ ਵੱਧ ਦੀ ਉਮਰ ਦੇ ਲੋਕਾਂ ਲਈ, ਖਾਸ ਕਰਕੇ ਔਰਤਾਂ ਲਈ ਲਾਭਦਾਇਕ ਹੋ ਸਕਦੇ ਹਨ। ਆਮ ਤੌਰ ‘ਤੇ, ਹੱਡੀਆਂ ਦੀ ਸਿਹਤ ਲਈ ਰੋਜ਼ਾਨਾ 1000-1200ਮਿਗ੍ਰਾ. ਐਲੀਮੈਂਟਲ ਕੈਲਸੀਅਮ ਅਤੇ ਵਿਟਾਮਿਨ ਡੀ  ਦੀਆਂ  800-1200 ਇੰਟਰਨੈਸ਼ਨਲ ਯੂਨਿਟਾਂ ਦੀ ਸਲਾਹ ਦਿੱਤੀ ਜਾਂਦੀ ਹੈ। ਤੁਹਾਨੂੰ ਇਹ ਦੋਵੇਂ ਤੱਤ ਖਾਧੇ ਜਾਣ ਵਾਲੇ ਕੁਝ ਭੋਜਨਾਂ ਵਿੱਚ ਮਿਲ ਸਕਦੇ ਹਨ ਪਰ ਆਪਣੇ ਰੋਜ਼ ਦੇ ਸੇਵਨ ਦਾ ਅਨੁਮਾਨ ਲਗਾਉਣ ਅਤੇ ਸਿਹਤ ਸੰਬੰਧੀ ਕੁਝ ਖਾਸ ਸਥਿਤੀਆਂ ਵਾਸਤੇ ਇਨ੍ਹਾਂ ਦੀ ਸੁਰੱਖਿਆ ਲਈ, ਕਿਰਪਾ ਕਰਕੇ ਆਪਣੇ ਫਾਰਮਾਸਿਸਟ ਜਾਂ ਡਾਕਟਰ ਨਾਲ ਗੱਲਬਾਤ ਕਰੋ।
 2. ਨਿਯਮਿਤ ਵਜਨ ਸਹਿਣ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਦੀ ਕਸਰਤ ਸਾਡੇ ਜੋੜਾਂ ਦੀ ਗਤੀਸ਼ੀਲਤਾ ਨੂੰ ਬਿਹਤਰ ਬਣਾਉਂਦੇ ਹੋਏ ਇਨ੍ਹਾਂ ਦੇ ਟੁੱਟਣ-ਭੱਜਣ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ।
 3. ਐਰੋਬਿਕ (ਪਾਣੀ) ਦੀਆਂ ਕਸਰਤਾਂ ਜੋੜਾਂ ਲਈ ਵਧੀਆ ਰਹਿੰਦੀਆਂ ਹਨ ਅਤੇ ਜੋੜਾਂ ਦੇ ਦਰਦ ਨੂੰ ਦੂਰ ਕਰਨ ਲਈ ਵੀ ਪ੍ਰਭਾਵਸ਼ਾਲੀ ਹਨ। ਤਾਈ ਚੀ ਇੱਕ ਹੋਰ ਕਸਰਤ ਹੈ ਜਿਸ ਨਾਲ ਗੋਡਿਆਂ ਦੇ ਦਰਦ ਵਿੱਚ ਕਾਫੀ ਰਾਹਤ ਮਿਲਦੀ ਹੈ
 4. ਜੇਕਰ ਤੁਹਾਡਾ ਵਜਨ ਜ਼ਿਆਦਾ ਹੈ ਜਾਂ ਮੋਟਾਪਾ ਹੈ, ਤਾਂ ਸਿਹਤਮੰਦ ਖੁਰਾਕ ਅਤੇ ਕਸਰਤ ਕਰਕੇ ਵਜਨ ਘਟਾਉਣ ਨਾਲ ਤੁਹਾਡੇ ਜੋੜਾਂ ‘ਤੇ ਤਣਾਅ ਦੀ ਮਾਤਰਾ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਤੁਹਾਡੇ ਤੁਰਨ-ਫਿਰਨ ਦੀ ਸਮਰੱਥਾ ਨੂੰ ਬਿਹਤਰ ਕੀਤਾ ਜਾ ਸਕਦਾ ਹੈ।
 5. ਤੁਸੀਂ ਵਾਕਰ, ਕੈਨ, ਬ੍ਰੇਸਜ ਜਾਂ ਟੇਪ ਦੀ ਵਰਤੋਂ ਕਰਕੇ ਆਪਣੀਆਂ ਹੱਡੀਆਂ ਅਤੇ ਜੋੜਾਂ ਨੂੰ ਰੱਖਿਅਤ ਕਰ ਸਕਦੇ ਹੋ ਅਤੇ ਉਹਨਾਂ ਨੂੰ ਵੱਧ ਸਹਾਰਾ ਦੇ ਸਕਦੇ ਹੋ। ਇਸ ਤੋਂ ਇਲਾਵਾ, ਝਟਕੇ ਨੂੰ ਸਹਿਣ ਵਾਲੀ ਜੁੱਤੀ ਪਾਉਣਾ, ਸਹੀ ਆਕਾਰ ਵਾਲੀ ਆਰਾਮਦਾਇਕ ਜੁੱਤੀ ਅਤੇ ਸਹੀ ਆਰਚ ਦੀ ਸਹਾਇਤਾ ਨਾਲ ਤੁਹਾਡੇ ਜੋੜਾਂ ‘ਤੇ ਪ੍ਰਭਾਵ ਨੂੰ ਘਟਾਉਣ ਵਿੱਚ ਵੀ ਮਦਦ ਮਿਲ ਸਕਦੀ ਹੈ।
 6. ਜੇਕਰ ਤੁਸੀਂ ਵਰਤਮਾਨ ਵਿੱਚ ਤਮਾਕੂ ਪੀਂਦੇ ਹੋ, ਤਾਂ ਹੱਡੀਆਂ ਦੀ ਸਿਹਤ ਦੀਆਂ ਸਮੱਸਿਆਵਾਂ ਵਿਕਸਿਤ ਹੋਣ ਦੇ ਮੌਕਿਆਂ ਨੂੰ ਘਟਾਉਣ ਲਈ ਤਮਾਕੂਨੋਸ਼ੀ ਛੱਡਣ ‘ਤੇ ਵਿਚਾਰ ਕਰੋ। ਜੇ ਤੁਸੀਂ BC ਦੇ ਵਸਨੀਕ ਹੋ, ਤਾਂ ਸਰਕਾਰ ਦਾ ਇਹ ਪ੍ਰੋਗਰਾਮ ਇਸ ਯਾਤਰਾ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਇਸ ਪ੍ਰੋਗਰਾਮ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੇ ਸਿਹਤ ਦੇਖਭਾਲ ਪ੍ਰਦਾਤਾ ਨਾਲ ਗੱਲਬਾਤ ਕਰੋ ਜਾਂ https://www2.gov.bc.ca/gov/content/health/managing-your-health/mental-health-substance-use/quitting-smoking-tobacco-use ‘ਤੇ ਜਾਓ
 7. ਅਲਕੋਹਲ ਦੇ ਸੇਵਨ ਨੂੰ ਮਰਦਾਂ ਵਾਸਤੇ 2 ਡ੍ਰਿੰਕ/ਦਿਨ ਅਤੇ ਔਰਤਾਂ ਲਈ 1 ਡ੍ਰਿੰਕ/ਦਿਨ ਤੱਕ ਘੱਟ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਤੁਹਾਡੇ ਡਿੱਗਣ ਦਾ ਜੋਖਮ ਵਧ ਸਕਦਾ ਹੈ। ਵੱਧ ਵਾਰ ਡਿੱਗਣ ਦੇ ਕਾਰਨ ਹੱਡੀ ਟੁੱਟ ਸਕਦੀ ਹੈ ਅਤੇ ਨੁਕਸਾਨ ਹੋ ਸਕਦਾ ਹੈ।
 8. ਡਿੱਗਣ ਤੋਂ ਬਚਣ ਲਈ, ਆਪਣੇ ਘਰ ਦੇ ਆਲੇ-ਦੁਆਲੇ ਕਿਸੇ ਵੀ ਖਤਰੇ ਜਿਵੇਂ ਕਿ ਖੁੱਲ੍ਹੇ ਗਲੀਚਿਆਂ ਨੂੰ ਹਟਾਓ ਅਤੇ ਜੇਕਰ ਤੁਸੀਂ ਰਾਤ ਵੇਲੇ ਆਪਣੇ ਘਰ ਦੇ ਆਲੇ-ਦੁਆਲੇ ਘੁੰਮਦੇ ਹੋ ਤਾਂ ਯਕੀਨੀ ਬਣਾਓ ਕਿ ਸਹੀ ਰੌਸ਼ਨੀ ਆਉਂਦੀ ਹੋਵੇ।
 9. ਕੁਝ ਦਵਾਈਆਂ (ਜਿਵੇਂ ਕਿ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ, ਨੀਂਦ ਦੀਆਂ ਦਵਾਈਆਂ) ਦੇ ਕਾਰਨ ਚੱਕਰ ਆ ਸਕਦੇ ਹਨ ਅਤੇ ਤੁਹਾਡੇ ਡਿੱਗਣ ਦੇ ਜੋਖਮ ਵਧ ਸਕਦੇ ਹਨ। ਆਪਣੇ ਡਾਕਟਰ ਜਾਂ ਫਾਰਮਾਸਿਸਟ ਨਾਲ ਆਪਣੀਆਂ ਦਵਾਈਆਂ ਬਾਰੇ ਅਤੇ ਨਾਲ ਹੀ ਕੋਈ ਕੁਦਰਤੀ ਜਾਂ ਗੈਰ-ਨੁਸਖੇ ਵਾਲੇ ਉਤਪਾਦ ਜੋ ਤੁਸੀਂ ਵਰਤ ਰਹੇ ਹੋ, ਬਾਰੇ ਗੱਲਬਾਤ ਕਰੋ।
 10. ਆਪਣੇ ਡਾਕਟਰ ਨਾਲ ਫ੍ਰੈਕਚਰ ਹੋਣ ਦੇ ਜੋਖਮ ਜਾਂ ਹੱਡੀਆਂ ਦੀ ਖਣਿਜ ਘਣਤਾ ਸਕੈਨ ਬਾਰੇ ਗੱਲਬਾਤ ਕਰੋ ਕਿਉਂਕਿ ਇਸ ਨਾਲ ਗਠੀਏ ਅਤੇ ਫ੍ਰੈਕਚਰ ਹੋਣ ਦੇ ਜੋਖਮ ਤੱਤਾਂ ਬਾਰੇ ਪਤਾ ਲੱਗ ਸਕਦਾ ਹੈ। ਇਹ ਵੀ ਮਹੱਤਵਪੂਰਨ ਹੈ ਕਿ ਤੁਸੀਂ ਕੋਈ ਨਵੀਂ ਕਸਰਤ ਵਿਧੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਿਸੇ ਫਿਜ਼ੀਓਥੈਰੇਪਿਸਟ ਜਾਂ ਪੇਸ਼ੇਵਰ ਥੈਰੇਪਿਸਟ ਨਾਲ ਗੱਲਬਾਤ ਕਰੋ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਤੁਹਾਡੇ ਲਈ ਸੁਰੱਖਿਅਤ ਹੈ।

ਦਰਦ ਦੇ ਪ੍ਰਬੰਧਨ ਲਈ ਸੁਝਾਅ

ਹੱਡੀਆਂ ਦੀ ਕਮਜ਼ੋਰੀ ਅਤੇ ਗਠੀਏ ਵਿੱਚ ਦਰਦ ਦੇ ਪ੍ਰਬੰਧਨ ਲਈ ਸੁਝਾਅ
ਮਾਸਪੇਸ਼ੀ, ਹੱਡੀਆਂ ਅਤੇ ਜੋੜਾਂ ਦੇ ਮੁੱਦਿਆਂ, ਡਾਇਬਿਟੀਜ਼, ਜਾਂ ਦਿਲ ਦੀ ਬਿਮਾਰੀ ਵਰਗੀਆਂ ਪੁਰਾਣੀਆਂ ਸਮੱਸਿਆਵਾਂ ਨਾਲ ਸੰਬੰਧਿਤ ਦਰਦ ਦਾ ਸਾਡੀ ਰੋਜ਼ਾਨਾ ਜ਼ਿੰਦਗੀ 'ਤੇ ਬਹੁਤ ਜ਼ਿਆਦਾ ਅਸਰ ਪੈ ਸਕਦਾ ਹੈ। ਦਰਦ ਸਾਡੇ ਲਈ ਕੰਮ 'ਤੇ ਜਾਣਾ, ਸਾਡੇ ਰੋਜ਼ਾਨਾ ਕੰਮਾਂ ਨੂੰ ਪੂਰਾ ਕਰਨਾ, ਰਾਤ ਨੂੰ ਚੰਗੀ ਤਰ੍ਹਾਂ ਸੌਣਾ ਅਤੇ ਸਾਡੇ ਮਿਜ਼ਾਜ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ। ਜਦ ਕਿ ਦਵਾਈਆਂ ਰਾਹਤ ਮੁਹੱਈਆ ਕਰ ਸਕਦੀਆਂ ਹਨ, ਹੋਰ ਰਣਨੀਤੀਆਂ ਹਨ ਜੋ ਦਰਦ 'ਤੇ ਕਾਬੂ ਪਾਉਣ ਵਿੱਚ ਸਹਾਇਤਾ ਕਰ ਸਕਦੀਆਂ ਹਨ ਅਤੇ ਸਾਡੇ ਰੋਜ਼ਾਨਾ ਜੀਵਨ 'ਤੇ ਇਸਦੇ ਅਸਰ ਨੂੰ ਘਟਾ ਸਕਦੀਆਂ ਹਨ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਜਾਰੀ ਰੱਖਣ ਦੀਆਂ ਸਾਡੀ ਕੋਸ਼ਿਸ਼ਾਂ ਨੂੰ ਸੁਧਾਰ ਸਕਦੀਆਂ ਹਨ। ਕਿਰਪਾ ਕਰਕੇ ਆਪਣੀ ਕਸਰਤ, ਜੀਵਨਸ਼ੈਲੀ ਜਾਂ ਦਵਾਈ ਦੇ ਕਾਰਜਕ੍ਰਮ ਵਿੱਚ ਕੋਈ ਤਬਦੀਲੀ ਲਿਆਉਣ ਤੋਂ ਪਹਿਲਾਂ ਆਪਣੇ ਸਿਹਤ-ਸੰਭਾਲ ਪ੍ਰਦਾਤਾ ਨਾਲ ਗੱਲ ਕਰੋ ਤਾਂ ਜੋ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਕੀ ਇਹ ਤਬਦੀਲੀਆਂ ਤੁਹਾਡੇ ਲਈ ਸੁਰੱਖਿਅਤ ਹਨ।

ਖੁਰਾਕ ਅਤੇ ਕਸਰਤ

ਹੋਰ ਪੜ੍ਹਲੋ ਜੀ

ਨੀਂਦ ਦਾ ਕਾਰਜਕ੍ਰਮ

ਹੋਰ ਪੜ੍ਹਲੋ ਜੀ

ਸਚੇਤਤਾ ਅਤੇ ਹੋਰ ਰਣਨੀਤੀਆਂ

ਹੋਰ ਪੜ੍ਹਲੋ ਜੀ

ਸਿੱਖਿਆ ਅਤੇ ਸਵੈ-ਪ੍ਰਬੰਧਨ

ਹੋਰ ਪੜ੍ਹਲੋ ਜੀ

ਸਰੋਤ

Fill 1

Document

Healthy Bones

In Punjabi; pdf infographic may be available by Feb 2021

ਦਸਤਾਵੇਜ਼ ਨੂੰ ਡੈਉਨਲੋਡ ਕਰੋ ਜੀ
Fill 1

Document

Pain Management Tips

In Punjabi; pdf infographic may be available by Feb 2021

ਦਸਤਾਵੇਜ਼ ਨੂੰ ਡੈਉਨਲੋਡ ਕਰੋ ਜੀ