ਹੋਰ

ਜਿਗਰ ਦੀ ਬਿਮਾਰੀ/Liver Disease

ਸੰਖੇਪ ਜਾਣਕਾਰੀ

ਜਿਗਰ ਦੀਆਂ ਬਿਮਾਰੀਆਂ ਦੇ 100 ਤੋਂ ਵੱਧ ਵੱਖੋ-ਵੱਖਰੇ ਰੂਪ ਹਨ। ਇੱਥੇ ਅਸੀਂ ਸਭ ਤੋਂ ਆਮ ਕਿਸਮਾਂ ਦੀ ਗੱਲ ਕਰਾਂਗੇ: ਹੈਪੇਟਾਇਟਸ ਏ, ਹੈਪੇਟਾਇਟਸ ਬੀ, ਹੈਪੇਟਾਇਟਸ ਸੀ, ਫੈਟੀ ਲੀਵਰ ਅਤੇ ਸਿਰੋਸਿਸ।

ਸਾਡੇ ਵਿੱਚੋਂ ਹਰ ਕੋਈ ਨੁਕਸਾਨ ਰਹਿਤ ਵਾਇਰਸਾਂ ਜਿਵੇਂ ਆਮ ਜੁਕਾਮ (ਭਾਵ ਰਾਇਨੋਵਾਇਰਸ )ਨਾਲ ਸੰਪਰਕ ਵਿੱਚ ਆਉਂਦਾ ਹੈ ਅਤੇ ਸਰੀਰ ਦੀ ਰੋਗ ਪ੍ਰਤੀਰੋਧਕ ਪ੍ਰਣਾਲੀ (ਇਮਿਊਨ ਸਿਸਮਟ) ਵਾਇਰਸ ਨੂੰ ਖਤਮ ਕਰ ਦਿੰਦੀ ਹੈ। ਪਰ ਸਾਰੇ ਤੇਜ਼ ਸੰਕਰਮਣ ਇਉਂ ਨੁਕਸਾਨ ਰਹਿਤ ਨਹੀਂ ਹੁੰਦੇ। ਭਾਂਵੇ ਬਹੁਗਿਣਤੀ ਲੋਕ ਬਹੁਤ ਘੱਟ ਸਮੇਂ ਵਿੱਚ ਹੀ ਰਾਜ਼ੀ ਹੋ ਜਾਂਦੇ ਹਨ ਫਿਰ ਵੀ ਵਾਇਰਲ ਸੰਕਰਮਣ ਜਿਵੇਂ ਇੰਫਲਿਊਐਂਜ਼ਾ (ਅਵੀਅਨ ਫਲੂ ਅਤੇ ਇੰਫਲਿਊਐਂਜ਼ਾ ਏ ਸਮੇਤ) ਘਾਤੱਕ ਹੋ ਸਕਦੇ ਹਨ। ਵਾਇਰਲ ਸੰਕਰਮਣ ਸਰੀਰ ਅੰਦਰ ਖਾਸ ਅੰਗਾਂ 'ਤੇ ਵੀ ਹਮਲਾ ਕਰ ਸਕਦੇ ਹਨ। ਹੈਪੇਟਾਇਟਸ ਏ, ਬੀ, ਅਤੇ ਸੀ, ਸਾਰੇ ਵਾਇਰਸ ਜਿਗਰ 'ਤੇ ਹਮਲਾ ਕਰਦੇ ਹਨ।

Viral infection also attacks specific organs in the body. Hepatitis A, B and C are all viruses that attack the Liver.

ਹੈਪੇਟਾਇਟਸ ਏ

ਹੈਪੇਟਾਇਟਸ ਏ:

 • ਸਭ ਤੋਂ ਆਮ ਮਿਲਣ ਵਾਲਾ ਹੈਪੇਟਾਇਟਸ ਵਾਇਰਸ ਹੈ
 • ਇੱਕ ਕਿਸਮ ਦਾ ਤੇਜ਼ ਸੰਕਰਮਣ ਹੈ
 • ਇੱਕ ਬੇਹੱਦ ਤੇਜ਼ ਲਾਗ ਵਾਲੀ ਜਿਗਰ ਦੀ ਬਿਮਾਰੀ ਹੈ ਜਿਸ ਵਿੱਚ ਮਰੀਜ਼ ਨੂੰ ਗੰਭੀਰ ਰੂਪ ਵਿੱਚ ਬਿਮਾਰ ਕਰਨ ਦੀ ਸਮਰੱਥਾ ਹੈ
 • ਹੈਪੇਟਾਇਟਸ ਏ ਨੂੰ ਆਮ ਤੌਰ ‘ਤੇ ਸਫ਼ਰ ਦੌਰਾਨ ਲੱਗਣ ਵਾਲਾ ਰੋਗ ਸਮਝਿਆ ਜਾਂਦਾ ਹੈ ਪਰ ਹੈਪੇਟਾਇਟਸ ਏ ਸੰਕਰਮਣ ਦੇ ਅਨੇਕਾਂ ਮਾਮਲੇ ਸਫ਼ਰ ਤੋਂ ਬਿਨ੍ਹਾਂ ਵੀ ਸਾਹਮਣੇ ਆਉਂਦੇ ਹਨ
 • ਸਹੀ ਟੀਕਕਰਨ ਰਾਹੀਂ ਬਚਾਅ ਹੋ ਸਕਦਾ ਹੈ

ਦੁਨੀਆ ਵਿੱਚ ਹੈਪੇਟਾਇਟਸ ਏ 1.5 ਮਿਲੀਅਨ (15 ਲੱਖ) ਲੋਕਾਂ ‘ਤੇ ਅਸਰ ਪਾਉਂਦਾ ਹੈ। ਕੁੱਝ ਰਿਪੋਰਟਾਂ ਦੱਸਦੀਆਂ ਹਨ ਕਿ ਸੰਕਰਮਣ ਦਾ ਅਸਲ ਅੰਕੜਾ 10 ਗੁਣਾ ਤੱਕ ਜ਼ਿਆਦਾ ਹੋ ਸਕਦਾ ਹੈ ਕਿਉਂਕਿ ਇਹ ਆਮਤੌਰ ਤੇ ਲੱਛਣ ਰਹਿਤ ਹੁੰਦਾ ਹੈ (ਦਿਸਣਯੋਗ ਲੱਛਣ ਨਹੀਂ ਹੁੰਦੇ) ਅਤੇ ਇਸ ਲਈ ਜਾਂਚ ਨਹੀਂ ਹੋ ਪਾਉਂਦੀ। ਕਨੇਡਾ ਵਿੱਚ 1991 ਵਿੱਚ 3500 ਕੇਸ ਸਨ, ਪਰ 2003 ਵਿੱਚ ਮਾਮਲੇ 400 ਤੋਂ ਵੀ ਘੱਟ ਸਨ।  ਬਾਲਗਾਂ ਵਿੱਚ 25% ਕੇਸਾਂ ਵਿੱਚ ਹਸਪਤਾਲ ਦਾਖਲ ਹੋਣ ਦੀ ਜ਼ਰੂਰਤ ਪੈਂਦੀ ਹੈ।

ਸੰਚਾਰ ਅਤੇ ਖਤਰੇ ਦੇ ਕਾਰਕ

ਇਹ ਖਾਸ ਵਾਇਰਸ ਮੁੱਢਲੇ ਤੌਰ ‘ਤੇ ਫ਼ੀਸਲ-ਓਰਲ ਰੂਟ ਰਾਹੀਂ ਫੈਲਦਾ ਹੈ, ਜਦੋਂ ਕੋਈ ਵਿਅਕਤੀ ਉਸ ਭੋਜਨ ਜਾਂ ਪਾਣੀ ਦਾ ਸੇਵਨ ਕਰਦਾ ਹੈ ਜੋ ਕਿਸੇ ਸੰਕਰਮਿਤ ਵਿਅਕਤੀ ਦੇ ਮਲ-ਮੂਤਰ ਨਾਲ ਦੂਸ਼ਿਤ ਹੋਇਆ ਹੋਵੇ। ਸੰਕਰਮਣ ਆਮ ਤੌਰ ‘ਤੇ ਅਜਿਹੀ ਜਗ੍ਹਾ ਹੁੰਦਾ ਹੈ, ਜਿੱਥੇ ਲੋਕ ਬਹੁਤ ਨਜ਼ਦੀਕ ਹੋਣ, ਇਕੱਠੇ ਰਹਿੰਦੇ ਹੋਣ ਜਾਂ ਦੂਸ਼ਿਤ ਭੋਜਨ ਜਾਂ ਪਾਣੀ ਦਾ ਸੇਵਨ ਕਰਨ। ਇਹ ਵਾਇਰਸ ਪਾਣੀ ਵਿੱਚ 10 ਮਹੀਨੇ ਤੱਕ ਬਚਿਆ ਰਹਿ ਸਕਦਾ ਹੈ।

ਹੋਰ ਖਤਰੇ ਦੇ ਕਾਰਕ ਜਾਂ ਹੈਪੇਟਾਇਟਸ ਏ ਦੇ ਰੂਟ ਇਹ ਹੋ ਸਕਦੇ ਹਨ:

 • ਭੋਜਨ ਜਾਂ ਪੀਣ ਦੇ ਪਦਾਰਥ ਉਸ ਸੰਕਰਮਿਤ ਵਿਅਕਤੀ ਵੱਲੋਂ ਤਿਆਰ ਕੀਤੇ ਗਏ ਹੋਣ ਜੋ ਸਾਰੇ ਸੁਰੱਖਿਆ ਨਿਯਮਾਂ ਨੂੰ ਲਾਗੂ ਨਾ ਕਰਦਾ ਹੋਵੇ
 • ਦੂਸ਼ਿਤ ਦਰਾਮਦ ਕੀਤੇ ਭੋਜਨ ਦਾ ਸੇਵਨ ਕਰਨ ਨਾਲ
 • ਸੰਕਰਮਿਤ ਵਿਅਕਤੀ ਨਾਲ ਡੂੰਘੇ ਸੰਪਰਕ ਵਿੱਚ ਆਉਣ ਕਾਰਨ
 • ਉਹਨਾਂ ਖੇਤਰਾਂ ਵਿੱਚ ਸਫ਼ਰ ਕਰਨ ਨਾਲ ਜਿੱਥੇ ਬਿਮਾਰੀ ਆਮ ਹੈ – ਬਾਹਰਲੇ ਮੁਲਕ ਰਹਿਣ, ਘੁੰਮਣ-ਫਿਰਨ ਜਾਂ ਕੰਮ ਲਈ ਜਾਣ ਕਾਰਨ (ਅਫਰੀਕਾ, ਏਸ਼ੀਆ, ਲਾਤੀਨੀ ਅਮਰੀਕਾ, ਪੂਰਬੀ ਯੂਰਪ, ਮੈਕਸੀਕੋ ਅਤੇ ਕੈਰੀਬੀਅਨ)
 • ਬੱਚੇ, ਕਿਉਂਕਿ ਇਹ ਬੱਚਿਆਂ ਵਿੱਚ ਆਮ ਕਰਕੇ ਲੱਛਣ ਰਹਿਤ ਹੁੰਦਾ ਹੈ, ਅਣਜਾਣੇ ਵਿੱਚ ਵਾਇਰਸ ਨੂੰ ਬੱਚਿਆਂ ਅਤੇ ਬਾਲਗਾਂ ਵਿੱਚ ਫੈਲਾਅ ਸਕਦੇ ਹਨ
 • ਸਫ਼ਾਈ ਪ੍ਰਬੰਧ ਦਾ ਮਾੜਾ ਪੱਧਰ

ਇੱਕ ਵਾਰ ਹੈਪੇਟਾਇਟਸ ਏ ਨਾਲ ਸੰਕਰਮਿਤ ਬਹੁਗਿਣਤੀ ਆਬਾਦੀ ਵਿੱਚ ਰਾਜ਼ੀ ਹੋਣ ਮਗਰੋਂ ਉਮਰ ਭਰ ਪ੍ਰਤੀਰੋਧਕ ਸ਼ਕਤੀ ਰਹਿੰਦੀ ਹੈ। ਫਿਰ ਵੀ, ਤਕਰੀਬਨ 15 % ਮਰੀਜ਼ ਪੂਰੀ ਤਰ੍ਹਾਂ ਰਾਜ਼ੀ ਨਹੀਂ ਹੁੰਦੇ ਅਤੇ ਸਾਲ ਅੰਦਰ ਮੁੜ ਮਰੀਜ਼ ਹੋ ਜਾਂਦੇ ਹਨ।

ਹੈਪੇਟਾਇਟਸ ਬੀ

ਹੈਪੇਟਾਇਟਸ ਬੀ:

 • ਇੱਕ ਆਮ ਵਾਇਰਸ ਹੈ
 • ਤਕਰੀਬਨ 400 ਮਿਲੀਅਨ (40 ਕਰੋੜ) ਲੋਕ ਇਸ ਵਾਇਰਸ ਨੂੰ ਦੁਨੀਆਂ ਅੰਦਰ ਢੋਹ ਰਹੇ ਹਨ
 • ਹੈਪੇਟਾਇਟਸ ਬੀ ਦੇ ਤਕਰੀਬਨ 75% ਕੈਰੀਅਰ ਏਸ਼ੀਆ ਵਿੱਚ ਰਹਿੰਦੇ ਹਨ
 • ਉਹਨਾਂ ਕੈਰੀਅਰਾਂ ਵਿੱਚੋਂ ਤਕਰੀਬਨ 20-25% ਜਿਗਰ ਦੇ ਕੈਂਸਰ ਜਾਂ ਸਿਰੋਸਿਸ ਨਾਲ ਮਰਨਗੇ
 • ਬਹੁਗਿਣਤੀ ਏਸ਼ਿਆਈ ਮੁਲਕਾਂ ਅੰਦਰ ਤਕਰੀਬਨ 10% ਆਬਾਦੀ ਕੈਰੀਅਰ ਹੈ। ਭਾਂਵੇ ਇਹ ਸਿਹਤ ਢਾਂਚੇ ਨੂੰ ਦਰਪੇਸ਼ ਇੱਕ ਗੰਭੀਰ ਸਮੱਸਿਆ ਹੈ ਪਰ ਇਸ ਬਾਰੇ ਜਨਤੱਕ ਚੇਤਨਾ ਮੁਕਾਬਲਤਨ ਘੱਟ ਹੈ। ਇੱਕ ਕਾਰਨ ਤਾਂ ਇਸ ਰੋਗ ਦਾ ਚਿਰਕਾਲੀ (chronic) ਲੱਛਣ ਰਹਿਤ (ਕੋਈ ਦਿਖਾਈ ਦੇਣ ਵਾਲੇ ਲੱਛਣਾਂ ਨਹੀਂ) ਰੋਗ ਹੋਣਾ ਹੈ।

ਸੰਚਾਰ ਅਤੇ ਖਤਰੇ ਦੇ ਕਾਰਕ

ਹੈਪੇਟਾਇਟਸ ਬੀ ਵਾਇਰਸ ਭੋਜਨ ਰਾਹੀਂ ਨਹੀਂ ਸਗੋਂ ਖੂਨ ਅਤੇ ਹੋਰ ਸਰੀਰਕ ਤਰਲਾਂ ਰਾਹੀਂ ਫੈਲਦਾ ਹੈ। ਇੱਕ ਆਮ ਭਰਮ ਇਹ ਹੈ ਕਿ ਜੇ ਮੈਂ ਇਹ ਧਿਆਨ ਰੱਖਾਂ ਕਿ ਮੈਂ ਕੀ ਖਾਂਦਾ/ ਖਾਂਦੀ ਹਾਂ, ਮੈਂ ਹੈਪੇਟਾਇਟਸ ਬੀ ਵਾਇਰਸ ਤੋਂ ਬਚਿਆ ਰਹਾਂਗਾ/ ਰਹਾਂਗੀ। ਜਿਵੇਂ ਕਿ ਪਹਿਲਾਂ ਦੱਸਿਆ ਹੈ, ਬਹੁਗਿਣਤੀ ਕੈਰੀਅਰ ਜਨਮ ਸਮੇਂ ਹੀ ਇਸ ਵਾਇਰਸ ਨਾਲ ਸੰਕਰਮਿਤ ਹੋ ਜਾਂਦੇ ਹਨ – ਵਰਟੀਕਲ ਟ੍ਰਾਂਸਮਿਸ਼ਨ (ਮਾਂ ਤੋਂ ਬੱਚੇ ਨੂੰ ਗਰਭ ਜਾਂ ਜਨਮ ਵੇਲੇ ਸੰਕਰਮਣ)।

ਸੰਚਾਰ ਦੇ ਹੋਰ ਰੂਟ ਇਹ ਹਨ:

 • ਦੰਦਾਂ ਦੀ ਜਾਂਚ ਸਮੇਂ ਸੰਕਰਮਿਤ ਉਪਕਰਨਾਂ ਦੇ ਸੰਪਰਕ ਵਿੱਚ ਆਉਣ ਕਾਰਨ
 • ਸਰਿੰਜ ਦੀ ਸਾਂਝੀ ਵਰਤੋਂ
 • ਐਕਿਊਪੰਕਚਰ ਵੇਲੇ ਚੰਗੀ ਤਰ੍ਹਾਂ ਸਾਫ ਨਾ ਕੀਤੀਆਂ ਵਾਰ ਵਾਰ ਵਰਤੀਆਂ ਸਰਿੰਜਾਂ ਦੀ ਵਰਤੋਂ ਕਾਰਨ
 • ਸਰੀਰ ‘ਤੇ ਟੈਟੂ ਜਾਂ ਸਰੀਰ ਵਿੰਨਾਉਣ ਲਈ ਸੰਕਰਮਿਤ ਉਪਕਰਨਾਂ ਦੀ ਵਰਤੋਂ ਕਾਰਨ
 • ਜਿਣਸੀ ਸੰਬੰਧਾਂ ਰਾਹੀਂ
 • ਖੂਨ ਚੜਾਉਣ ਵੇਲੇ ਸੰਕਰਮਿਤ ਖੂਨ ਮਿਲਣ ਕਾਰਨ (ਅੱਜ ਕੱਲ੍ਹ ਅਜਿਹਾ ਬਹੁਤ ਘੱਟ ਹੁੰਦਾ ਹੈ)

ਹੋਰ ਬਿਮਾਰੀਆਂ ਵਾਂਗੂ ਜਿੰਨੀ ਜਲਦੀ ਤੁਸੀਂ ਹੈਪੇਟਾਇਟਸ ਬੀ ਦਾ ਇਲਾਜ ਕਰਵਾਓਗੇ, ਓਨੇ ਹੀ ਚੰਗੇ ਨਤੀਜੇ ਮਿਲਣਗੇ। ਜੇ ਇਲਾਜ ਘੱਟ ਉਮਰ ਵਿੱਚ ਸ਼ੁਰੂ ਹੋਵੇ ਤਾਂ ਅਸਰ ਅਤੇ ਨਤੀਜੇ ਸਪਸ਼ਟ ਤੌਰ ‘ਤੇ ਚੰਗੇ ਹੋਣਗੇ ਕਿਉਂਕਿ ਵੱਡੀ ਉਮਰ ਤੱਕ ਜਿਗਰ ਦਾ ਬਹੁਤ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਹੁੰਦਾ ਹੈ। ਇਸ ਵਾਇਰਸ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਜਾਂ ਇਲਾਜ ਦਾ ਕੋਈ ਮੌਜੂਦ ਤਰੀਕਾ ਨਹੀਂ ਹੈ। ਫਿਰ ਵੀ ਪਿਛਲੇ 10 ਸਾਲਾਂ ਵਿੱਚ ਇਹ ਸਾਬਤ ਹੋ ਚੁੱਕਿਆ ਹੈ ਕਿ ਦਵਾਈਆਂ ਵਾਇਰਸ ਨੂੰ ਦਬਾਉਣ ਅਤੇ ਕੰਟਰੋਲ ਕਰਕੇ ਜਿਗਰ ਦੇ ਨੁਕਸਾਨ ਨੂੰ ਘਟਾਉਣ ਵਿੱਚ ਕਾਰਗਰ ਹੋ ਸਕਦੀਆਂ ਹਨ।

ਕੈਰੀਅਰ

ਜਿਗਰ ਦੀਆਂ ਬਿਮਾਰੀਆਂ ਦੀ ਗੱਲ ਕਰਦੇ ਹੋਏ “ਕੈਰੀਅਰ” ਸ਼ਬਦ ਦਾ ਆਮ ਤੌਰ ‘ਤੇ ਜ਼ਿਕਰ ਕੀਤਾ ਜਾਂਦਾ ਹੈ। “ਕੈਰੀਅਰ” ਕੀ ਹੈ? ਇਹ ਹਾਲਤ ਕਿਵੇਂ ਪੈਦਾ ਹੁੰਦੀ ਹੈ? ਇਸ ਦੀ ਜਾਂਚ ਕਿਵੇਂ ਹੁੰਦੀ ਹੈ? ਅਤੇ ਕੈਰੀਅਰ ਹੋਣਾ ਨੁਕਸਾਨਦਾਇਕ ਕਿਵੇਂ ਹੈ?

ਜਦੋਂ ਹੈਪੇਟਾਇਟਸ ਬੀ ਵਾਇਰਸ (ਜਾਂ ਕੋਈ ਹੋਰ ਵਾਇਰਸ) ਸਰੀਰ ਅੰਦਰ ਦਾਖਲ ਹੁੰਦਾ ਹੈ, ਸਾਡਾ ਸੁਰੱਖਿਆ ਪ੍ਰਬੰਧ (ਰੋਗ ਪ੍ਰਤੀਰੋਧਕ ਪ੍ਰਣਾਲੀ) ਜਲਦ ਹੀ ਘੁਸਪੈਠੀਆਂ (ਵਾਇਰਸ) ਦਾ ਹੱਲ ਕਰਨ ਲਈ ਐਂਟੀਬਾਡੀ ਭੇਜ ਕੇ ਜਵਾਬ ਦਿੰਦੀ ਹੈ। ਜੇ ਐਂਟੀਬਾਡੀ ਲੜਾਈ ਜਿੱਤ ਜਾਂਦੇ ਹਨ ਤਾਂ ਵਾਇਰਸ ਖਤਮ ਹੋ ਜਾਂਦਾ ਹੈ। ਵਿਅਕਤੀ ਉਦੋਂ ਤੱਕ ਬਿਮਾਰ ਨਹੀਂ ਹੁੰਦਾ ਜਿਨ੍ਹਾਂ ਸਮਾਂ ਐਂਟੀਬਾਡੀ ਦਾ ਪੱਧਰ 10 ਆਈਯੂ ਪ੍ਰਤੀ ਲੀਟਰ ਤੋਂ ਜ਼ਿਆਦਾ ਰਹਿੰਦਾ ਹੈ। ਪਰ ਐਂਟੀਬਾਡੀ ਦਾ ਪੱਧਰ 10 ਤੋਂ ਹੇਠਾਂ ਜਾਣ ‘ਤੇ ਵਿਅਕਤੀ ਨੂੰ ਬੂਸਟਰ ਵੈਕਸੀਨ ਲੈਣੀ ਚਾਹੀਦੀ ਹੈ।

ਜੇ ਐਂਟੀਬਾਡੀ ਦਾ ਪੱਧਰ 6 ਮਹੀਨੇ ਘੱਟ ਰਹੇ, ਸਰੀਰ ਵਾਇਰਸ ਨਾਲ ਲੜਨ ਵਿੱਚ ਮੱਦਦ ਲਈ ਇੱਕ ਹੋਰ ਪਦਾਰਥ ਜਿਸਨੂੰ ‘ਐਂਟੀਜਨ’ ਕਿਹਾ ਜਾਂਦਾ ਹੈ, ਪੈਦਾ ਕਰਦਾ ਹੈ। ਭਾਂਵੇ ਐਂਟੀਬਾਡੀ ਅਤੇ ਐਂਟੀਜਨ, ਦੋਵੇਂ, ਸਰੀਰ ਨੂੰ ਵਾਇਰਸ ਦੇ ਹਮਲੇ ਤੋਂ ਬਚਾਉਂਦੇ ਹਨ ਪਰ ਇਹ ਦੋਵੇਂ ਸ਼ਾਂਤੀ ਨਾਲ ਇਕੱਠੇ ਨਹੀਂ ਰਹਿ ਸਕਦੇ। ਐਂਟੀਜਨ ਦੀ ਮੌਜੂਦਗੀ ਵਿੱਚ ਕੋਈ ਐਂਟੀਬਾਡੀ ਨਹੀਂ ਰਹੇਗਾ। ਕੋਰਟੀਸੋਨ ਇਕ ਕਿਸਮ ਦਾ ਸਟੇਰੌਇਡ ਹੈ। ਐਂਟੀਜਨ ਇੱਕ ਅਜਿਹਾ ਐਂਟੀਬਾਡੀ ਹੈ ਜੋ ਵੱਧ ਨਿਰਪੱਖ ਹੈ। ਐਂਟੀਜਨ ਵਾਇਰਸ ਨਾਲ ਇੱਕ “ਗੈਰ-ਹਮਲਾਵਰ ਸਮਝੌਤਾ” ਕਰਕੇ ਗੱਲਬਾਤ ਕਰੇਗਾ। ਜੇ ਐਂਟੀਜਨ ਵਾਇਰਸ ਨੂੰ ਖਤਮ ਨਹੀਂ ਕਰ ਸਕਦਾ ਤਾਂ ਵਾਇਰਸ ਸਰੀਰ ਨਾਲ ਛੇੜਛਾੜ ਕਰੇ ਬਿਨ੍ਹਾਂ ਸਰੀਰ ਅੰਦਰ ਰਹੇਗਾ। ਇਸ ਸਮੇਂ ਸਰੀਰ ਇੱਕ ‘ਕੈਰੀਅਰ ‘ ਬਣ ਜਾਂਦਾ ਹੈ।

ਪਰ, ਜੇ ਵਿਅਕਤੀ ਦੀ ਰੋਗ ਪ੍ਰਤੀਰੋਧਕ ਪ੍ਰਣਾਲੀ (ਇਮਿਊਨ ਸਿਸਟਮ) ਕਮਜ਼ੋਰ ਹੋ ਗਈ ਹੋਵੇ (ਜਿਵੇਂ ਕਿ ਵਿਅਕਤੀ ਕਿਸੇ ਹੋਰ ਬਿਮਾਰੀ ਕਾਰਨ ਬਿਮਾਰ ਹੋਵੇ) ਤਾਂ ਪਹਿਲਾਂ ਵਾਲਾਂ ਗੈਰ-ਹਮਲਾਵਰ ਹੈਪੇਟਾਇਟਸ ਵਾਇਰਸ ਵੀ ਸਰੀਰ ਤੇ ਹਮਲਾ ਕਰ ਸਕਦਾ ਹੈ। ਇਸ ਲਈ ਕੈਰੀਅਰ ਹੋਣਾ, ਦੁਸ਼ਮਣ ਦੇ ਨਾਲ ਰਹਿਣ ਵਰਗਾ ਹੈ। ਜੇ ਤੁਹਾਡੀ ਰੋਗ ਪ੍ਰਤੀਰੋਧ ਪ੍ਰਣਾਲੀ ਪਰਜੀਵੀ ਨੂੰ ਖਤਮ ਕਰਨ ਵਿੱਚ ਸਫਲ ਹੁੰਦੀ ਹੈ ਤਾਂ ਹੈਪੇਟਾਇਟਸ ਵਾਇਰਸ ਸੁਸਤ ਰਹੇਗਾ ਅਤੇ ਸਰੀਰ ਅੰਦਰ ਹਮਲੇ ਲਈ ਅਗਲੇ ਮੌਕੇ ਤੱਕ ਬਣਿਆ ਰਹੇਗਾ।

ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੈਂ ਕੈਰੀਅਰ ਹਾਂ? ਇੱਕ ਇਕੱਲੀ ਖੂਨ ਦੀ ਜਾਂਚ ਦੱਸ ਸਕਦੀ ਹੈ। ਜੇ ਖੂਨ ਦੀ ਜਾਂਚ ਦਾ ਸਿੱਟਾ ਪਾਜ਼ੀਟਿਵ ਆਉਂਦਾ ਹੈ ਤਾਂ ਤੁਸੀਂ ਕੈਰੀਅਰ ਹੋ ਅਤੇ ਵਾਇਰਸ ਨੂੰ ਹੋਰਾਂ ਤੱਕ ਫੈਲਾਉਣ ਦੀ ਸਮਰੱਥਾ ਰੱਖਦੇ ਹੋ।

ਡਾ. ਫ੍ਰੈਂਕਿਸ ਹੋ, ਪਰਿਵਾਰਕ ਅਭਿਆਸ ਦੀ ਸਮੱਗਰੀ

ਅਕਸਰ ਪੱਛੇ ਜਾਣ ਵਾਲੇ ਸਵਾਲ

ਕੀ ਕਿਸੇ ਨੂੰ ਚੌਪਸਟਿਕ ਜਾਂ ਖਾਣ ਵਾਲੇ ਭਾਂਡਿਆਂ ਤੋਂ ਚਿਰਕਾਲੀ ਹੈਪੇਟਾਇਟਸ ਬੀ ਹੋ ਸਕਦਾ ਹੈ?

ਜਾਵਬ ਹੈ ਨਹੀਂ। ਸਧਾਰਨ ਸੰਪਰਕ ਵਾਇਰਸ ਦੇ ਸੰਚਾਰ ਦਾ ਕਾਰਨ ਨਹੀਂ ਹੈ। ਹੈਪੇਟਾਇਟਸ ਬੀ ਲਾਰ ਵਿੱਚ ਹੁੰਦਾ ਹੈ ਪਰ ਜੇ ਪਰਿਵਾਰ ਨੇ ਹੈਪੇਟਾਇਟਸ ਬੀ ਲਈ ਇਮਿਊਨਾਇਜੇਸ਼ਨ ਕਰਵਾਈ ਹੈ, ਹੈਪੇਟਾਇਟਸ ਬੀ ਕੋਈ ਫਿਕਰ ਦਾ ਕਾਰਨ ਨਹੀਂ ਹੈ। ਭੋਜਨ ਤਿਆਰ ਕਰਨ ਵਿੱਚ ਲੱਗੇ ਹੈਪੇਟਾਇਟਸ ਬੀ ਦੇ ਮਰੀਜ਼ ਵੀ ਵਾਇਰਸ ਦਾ ਸੰਚਾਰ ਨਹੀਂ ਕਰ ਸਕਦੇ।

ਕੀ ਹੈਪੇਟਾਇਟਸ ਬੀ ਦੀ ਇਮਿਊਨਾਇਜੇਸ਼ਨ ਅਸਰਦਾਰ ਹੈ?

ਤਿੰਨ ਟੀਕਿਆਂ ਮਗਰੋਂ ਸਿਹਤਮੰਦ ਲੋਕਾਂ ਵਿੱਚ ਹੈਪੇਟਾਇਟਸ ਬੀ ਦੀ ਇਮਿਊਨਾਇਜੇਸ਼ਨ ਦੀ ਸਫਲਤਾ ਦਰ 97% ਹੈ। ਸਿਰਫ਼ ਇੱਕ ਟੀਕੇ ਮਗਰੋਂ ਸਫਲਤਾ ਦਰ 50% ਹੈ ਅਤੇ ਦੋ ਟੀਕਿਆਂ ਮਗਰੋਂ 80% ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਜੇ ਤੁਸੀਂ ਇਮਿਊਨਾਇਜੇਸ਼ਨ ਕਰਵਾਓ ਤਾਂ ਸਾਰੇ ਤਿੰਨ ਟੀਕੇ ਲਗਵਾਓ। ਹੈਪੇਟਾਇਟਸ ਬੀ ਨਾਲ ਰਹਿਣ ਵਾਲੇ ਲੋਕਾਂ ਲਈ ਵੀ ਇਹ ਲਾਹੇਵੰਦ ਹੈ ਕਿ ਉਹ ਇਹ ਪੱਕਾ ਕਰਨ ਲਈ ਕਿ ਕੀ ਤਿੰਨ ਟੀਕਿਆਂ ਮਗਰੋਂ ਪ੍ਰਤੀਰੋਧਕ ਹਨ, ਖੂਨ ਦੀ ਜਾਂਚ ਕਰਵਾਉਣ।

ਕੀ ਦਵਾਈਆਂ ਹੈਪੇਟਾਇਟਸ ਬੀ ਦਾ ਇਲਾਜ ਕਰ ਸਕਦੀਆਂ ਹਨ?

ਇਸ ਬਿਮਾਰੀ ਦੇ ਖਾਤਮੇ ਲਈ ਕੋਈ ਅਸਰਦਾਰ ਦਵਾਈ ਨਹੀਂ ਹੈ ਪਰ ਇਸ ਸੰਕਰਮਣ ਨੂੰ ਕੰਟਰੋਲ ਕਰਨ ਵਾਲੀਆਂ ਦਵਾਈਆਂ ਹਨ। ਦਵਾਈਆਂ ਜਿਗਰ ਦੇ ਕੈਂਸਰ ਦੇ ਵਿਕਾਸ ਤੋਂ ਵੀ ਬਚਾਅ ਕਰ ਸਕਦੀਆਂ ਹਨ। ਇਸ ਦੇ ਬਾਵਜੂਦ ਵੀ ਚਿਰਕਾਲੀ ਹੈਪੇਟਾਇਟਸ ਬੀ ਤੋਂ ਪ੍ਰਭਾਵਿਤ ਕਈ ਲੋਕ ਜਿਗਰ ਨਾਲ ਜੁੜੀ ਬਿਮਾਰੀ ਕਾਰਨ ਨਹੀਂ ਮਰਦੇ। ਇਸ ਲਈ ਜੇ ਤੁਹਾਨੂੰ ਹੈਪੇਟਾਇਟਸ ਬੀ ਹੋਵੇ ਵੀ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਦਵਾਈ ਦੀ ਕਦੇ ਲੋੜ ਨਾ ਹੋਵੇ।

ਜਿਗਰ ਦੀ ਬਿਮਾਰ ਦੇ ਵਿਗਾੜ ਨੂੰ ਰੋਕਣ ਲਈ ਮੈਂ ਕਿਸ ਤਰ੍ਹਾਂ ਦੀ ਖੁਰਾਕ ਜਾਂ ਕੁੱਝ ਹੋਰ ਕਰ ਸਕਦਾ ਹਾਂ?

ਮੇਰੇ ਹੈਪੇਟਾਇਟਸ ਬੀ ਦੇ ਕਈ ਮਰੀਜ਼ ਪਹਿਲਾਂ ਹੀ ਕਿਰਿਆਸ਼ੀਲ ਰਹਿਣਾ ਚਾਹੁੰਦੇ ਹਨ ਅਤੇ ਜਿਗਰ ਦੀ ਬਿਮਾਰੀ ਦੇ ਵਿਗਾੜ ਨੂੰ ਰੋਕਣ ਚਾਹੁੰਦੇ ਹਨ। ਇਸ ਲਈ ਇੱਕ ਚੰਗਾ ਸੰਤੁਲਿਤ ਭੋਜਨ ਖਾਣਾ ਜ਼ਰੂਰੀ ਹੈ। ਸ਼ਰਾਬ ਪੀਣ ਤੋਂ ਬਚਣਾ ਅਤੇ ਸਿਹਤਮੰਦ ਵਜਨ ਬਣਾ ਕੇ ਰੱਖਣਾ ਜਿਗਰ ਦੀ ਬਿਮਾਰੀ ਦੇ ਵਿਗਾੜ ਨੂੰ ਰੋਕ ਸਕਦਾ ਹੈ। ਕੁੱਝ ਓਵਰ ਦਾ ਕਾਊਂਟਰ ਜਾਂ ਹਰਬਲ ਦਵਾਈਆਂ ਵੀ ਜਿਗਰ ਲਈ ਨੁਕਸਾਨਦਾਇਕ ਹੋ ਸਕਦੀਆਂ ਹਨ ਅਤੇ ਇਹ ਜ਼ਰੂਰੀ ਹੈ ਕਿ ਤੁਸੀਂ ਕੋਈ ਨਵੀਂ ਦਵਾਈ ਜਾਂ ਸਪਲੀਮੈਂਟ ਲੈਣ ਤੋਂ ਪਹਿਲਾਂ ਪਰਿਵਾਰਕ ਡਾਕਟਰ ਜਾਂ ਜਿਗਰ ਮਾਹਰ ਨਾਲ ਚਰਚਾ ਕਰੋ।

ਹੈਪੇਟਾਇਟਸ

ਹੈਪੇਟਾਇਟਸ ਸੀ, ਹੈਪੇਟਾਇਟਸ ਏ ਅਤੇ ਹੈਪੇਟਾਇਟਸ ਬੀ ਨਾਲ ਮਿਲਦਾ ਜੁਲਦਾ ਵਾਇਰਸ ਹੈ ਜੋ ਜਿਗਰ ‘ਤੇ ਹੀ ਹਮਲਾ ਕਰਦਾ ਹੈ। ਤੇਜ਼ ਹੈਪੇਟਾਇਟਸ ਸੀ ਦੇ ਆਮ ਤੌਰ ‘ਤੇ ਕੋਈ ਆਗਾਹੀ ਲੱਛਣ ਨਹੀਂ ਹੁੰਦੇ। ਇਸ ਲਈ ਬਹੁਤ ਲੋਕ ਸੰਕਰਮਣ ਹੋਣ ‘ਤੇ ਅਣਜਾਣ ਹੁੰਦੇ ਹਨ। ਹੈਪੇਟਾਇਟਸ ਸੀ ਜਿਗਰ ਵਿੱਚ ਲੰਮਾ ਸਮਾਂ ਰਹੇਗਾ। ਜੇ ਵਾਇਰਸ ਦਾ ਸਫ਼ਲ ਇਲਾਜ ਨਹੀਂ ਹੁੰਦਾ ਤਾਂ ਇਹ ਬਾਕੀ ਸਾਰੀ ਉਮਰ ਮਰੀਜ਼ ਅੰਦਰ ਰਹੇਗਾ। ਅਜਿਹੇ ਲੰਮੇ ਵਾਇਰਲ ਸੰਕਰਮਣ ਨੂੰ ਚਿਰਕਾਲੀ ਸੰਕਰਮਣ ਕਹਿੰਦੇ ਹਨ।

ਚਿਰਕਾਲੀ ਹੈਪੇਟਾਇਟਸ ਸੀ ਉੱਤਰ ਅਮਰੀਕੀ ਆਬਾਦੀ ਦੇ ਤਕਰੀਬਨ 1-2% ਨੂੰ ਪ੍ਰਭਾਵਿਤ ਕਰਦਾ ਹੈ। ਕਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਅੰਦਰ ਸਭ ਤੋਂ ਵੱਧ ਸੰਕਰਮਣ ਦੀ ਦਰ ਹੈ। ਇਹ ਅੰਦਾਜ਼ਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ 45 ਤੋਂ 60 ਹਜ਼ਾਰ ਲੋਕ ਚਿਰਕਾਲੀ ਹੈਪੇਟਾਇਟਸ ਸੀ ਤੋਂ ਪ੍ਰਭਾਵਿਤ ਹਨ ਅਤੇ ਬਹੁਤ ਲੋਕਾਂ ਦੀ ਤਾਂ ਅਜੇ ਜਾਂਚ ਹੀ ਨਹੀਂ ਹੋਈ। ਹੈਪੇਟਾਇਟਸ ਸੀ ਦਾ ਕੁਦਰਤੀ ਸਿਲਸਿਲਾ ਦਹਾਕਿਆਂ ਤੱਕ ਚੱਲ ਸਕਦਾ ਹੈ। ਬਹੁਤੇ ਸਮੇਂ ਲਈ ਹੈਪੇਟਾਇਟਸ ਸੀ ਸ਼ਾਂਤ ਰਹਿੰਦਾ ਹੈ (ਭਾਵ ਕੋਈ ਲੱਛਣ ਨਹੀਂ ਦਿਸਦੇ)। ਆਮ ਤੌਰ ‘ਤੇ ਮਗਰਲੇ ਪੜਾਆਂ ‘ਤੇ ਹੀ ਇਸਦੀ ਖੂਨ ਰਾਹੀਂ ਜਾਂਚ ਹੁੰਦੀ ਹੈ। ਇਸੇ ਸਮੇਂ ਦੌਰਾਨ ਜਿਗਰ ਦੀ ਇੰਫਲਮੇਸ਼ਨ ਅਤੇ ਸਕਾਰਰਿੰਗ ਹੌਲੀ ਹੌਲੀ ਹੈਪੇਟਾਇਟਸ ਸੀ ਵਿੱਚ ਬਦਲ ਜਾਂਦੇ ਹਨ, ਜੋ ਕਿ 10-20 % ਮਰੀਜ਼ਾਂ ਵਿੱਚ ਗੰਭੀਰ ਸਕਾਰਰਿੰਗ ਅਤੇ ਸਿਰੋਸਿਸ ਵਿੱਚ ਵਿਕਸਤ ਹੋ ਜਾਂਦੇ ਹਨ। 20-30 ਸਾਲ ਦੇ ਸੰਕਰਮਣ ਤੋਂ ਬਾਅਦ ਮਰੀਜ਼ ਜਿਗਰ ਦੇ ਫੇਲ੍ਹ ਹੋਣ ਦੀ ਆਖਰੀ ਸਟੇਜ ਦੇ ਵੱਡੇ ਖਤਰੇ ਹੇਠ ਹੁੰਦੇ ਹਨ।

ਸੰਚਾਰ

ਹੈਪੇਟਾਇਟਸ ਸੀ ਸੰਕਰਮਿਤ ਸਰੀਰਕ ਤਰਲਾਂ ਦੇ ਸੰਪਰਕ ਵਿੱਚ ਆਉਣ ਰਾਹੀਂ ਫੈਲਦਾ ਹੈ। ਇੱਕ ਸਮਾਂ ਸੀ ਜਦੋਂ ਖੂਨ ਚੜਾਉਣ ਤੋਂ ਪਹਿਲਾਂ ਹੈਪੇਟਾਇਟਸ ਸੀ ਦੀ ਜਾਂਚ ਕਰਨਾ ਆਮ ਵਰਤਾਰਾ ਨਹੀਂ ਸੀ ਅਤੇ 1991 ਤੋਂ ਪਹਿਲਾਂ ਕੋਈ ਅਜਿਹਾ ਖੂਨ ਦਾ ਟੈਸਟ ਹੀ ਨਹੀਂ ਸੀ। ਇਹਨੀਂ ਦਿਨੀਂ ਖੂਨ ਦੀ ਚੜਾਉਣ ਤੋਂ ਪਹਿਲਾਂ ਹੈਪੇਟਾਇਟਸ ਸੀ ਦੀ ਜਾਂਚ ਕੀਤੀ ਜਾਂਦੀ ਹੈ।

ਸੰਕਰਮਣ ਦੇ ਆਮ ਰੂਟ ਇਸ ਪ੍ਰਕਾਰ ਹਨ:

 • ਗਲੀਆਂ ਵਿੱਚ ਨਸ਼ੇ ਦੇ ਟੀਕੇ ਲਗਾਉਣਾ (ਭਾਵ ਹੈਰੋਇਨ ਜਾਂ ਕੋਕੇਨ ਦੇ ਨਸ਼ੇ ਲਈ ਦੁਬਾਰਾ ਸੂਈਆਂ ਦਾ ਇਸਤੇਮਾਲ ਕਰਨਾ)
 • ਨੱਕ ਰਾਹੀਂ ਨਸ਼ੇ ਨੂੰ ਅੰਦਰ ਨਿਗਲਣਾ (ਭਾਵ ਇੰਟਰਨੇਜਲ ਕੋਕੇਨ)
 • ਦੁਨੀਆਂ ਦੇ ਕੁੱਝ ਹਿੱਸਿਆਂ ਅੰਦਰ ਹੈਪੇਟਾਇਟਸ ਸੀ ਜੀਵਾਣੂ ਰਹਿਤ ਕੀਤੇ ਬਿਨ੍ਹਾਂ ਮੈਡੀਕਲ/ਡੈਂਟਲ ਉਪਕਰਨਾਂ ਦੀ ਵਰਤੋਂ ਰਾਹੀਂ ਵੀ ਫੈਲਦਾ ਹੈ।
 • ਕਈ ਮਾਮਲਿਆਂ ਵਿੱਚ ਮਰੀਜ਼ ਦੇ ਸੰਕਰਮਿਤ ਹੋਣ ਦੇ ਕਾਰਨ ਬਾਰੇ ਪਤਾ ਨਹੀਂ ਲੱਗਦਾ

ਭਾਵੇਂ ਹੈਪੇਟਾਇਟਸ ਬੀ ਅਏ ਹਿਊਮਨ ਇਮਉਨੋਡੈਫੀਸਿਐਂਸੀ ਵਾਇਰਸ (ਐੱਚਆਈਵੀ) ਜਿਣਸੀ ਸੰਬੰਧ ਬਣਾਉਣ ਜਾਂ ਜਨਮ ਵੇਲੇ ਮਾਂ ਤੋਂ ਬੱਚੇ ਤੱਕ ਫੈਲਦਾ ਹੈ ਪਰ ਇਸ ਤਰੀਕੇ ਨਾਲ ਹੈਪੇਟਾਇਟਸ ਸੀ ਦਾ ਸੰਚਾਰ ਘੱਟ ਸਾਹਮਣੇ ਆਉਂਦਾ ਹੈ।

ਸਿਰੋਸਿਸ (cirrhosis) ਦੇ ਆਗਮਨ ਨੂੰ ਤੇਜ਼ ਵਾਲੇ ਖਤਰੇ ਦੇ ਕਾਰਕਾਂ ਵਿੱਚ ਸ਼ਰਾਬ ਪੀਣਾ ਸਪਸ਼ਟ ਤੌਰ ‘ਤੇ ਇੱਕ ਕਾਰਣ ਹੈ ਜਿਸ ‘ਤੇ ਵਾਰ ਵਾਰ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਥੋੜ੍ਹੀ ਮਾਤਰਾ ਵਿੱਚ ਸ਼ਰਾਬ ਵੀ ਸਿਰੋਸਿਸ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਯੋਗਦਾਨ ਪਾਉਂਦੀ ਹੈ। ਮਰੀਜ਼ਾਂ ਨੂੰ ਸ਼ਰਾਬ ਪੀਣਾ ਬੰਦ ਕਰਨਾ ਚਾਹੀਦਾ ਹੈ ਜਾਂ ਬਿਲਕੁਲ ਥੋੜ੍ਹੀ ਤੱਕ ਘਟਾਉਣਾ ਚਾਹੀਦਾ ਹੈ। ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਹੈਪੇਟਾਇਟਸ ਸੀ ਵਾਇਰਸ ਸਿਰਫ਼ ਜਿਗਰ ‘ਤੇ ਹੀ ਅਸਰ ਨਹੀਂ ਕਰਦਾ ਸਗੋਂ ਸਾਈਰੋਗਲੋਬੁਲੀਨਿਮਿਆ (cryoglobulinemia) ਵਰਗੀਆਂ ਜਟਿਲਤਾਵਾਂ ਦਾ ਵੀ ਕਾਰਨ ਬਣਦਾ ਹੈ, ਅਤੇ ਇਹ ਹਾਲਤ ਗੁਰਦੇ ਦੀ ਇੰਫਲੇਮੇਸ਼ਨ ਅਤੇ ਫੇਲ੍ਹ ਹੋਣ, ਗਠੀਏ ਅਤੇ ਚਮੜੀ ਦੇ ਫੋੜਿਆਂ ਦਾ ਵੀ ਕਾਰਣ ਬਣ ਸਕਦੀ ਹੈ। ਨਾਨ-ਹੌਜਕਿਨ ਦਾ ਲਿੰਫੋਮਾ (ਇੱਕ ਕਿਸਮ ਦਾ ਘਾਤੱਕ ਲਿੰਫੁਆਈਡ ਟਿਊਮਰ) ਅਤੇ ਬਾਲਗ ਅਵਸਥਾ ਵਿੱਚ ਸ਼ੂਗਰ ਵੀ ਹੈਪੇਟਾਇਟਸ ਨਾਲ ਜੁੜੇ ਹਨ।

ਫੈਟੀ ਲੀਵਰ

ਕਈ ਲੋਕਾਂ ਨੇ ‘ਫੈਟੀ ਲੀਵਰ’ ਸ਼ਬਦ ਬਾਰੇ ਸੁਣਿਆ ਹੋਵੇਗਾ ਪਰ ਅਸਲ ਵਿੱਚ ਇਹ ਕੀ ਹੁੰਦਾ ਹੈ, ਇਹ ਨਹੀਂ ਜਾਣਦੇ। ਜਿਗਰ ਸਾਡੇ ਪੇਟ ਦੇ ਉਪਲਰੇ ਸੱਜੇ ਹਿੱਸੇ ਵੱਲ ਪਸਲੀਆਂ ਹੇਠ ਹੁੰਦਾ ਹੈ। ਇਹ ਮਨੁੱਖੀ ਸਰੀਰ ਦਾ (ਚਮੜੀ ਤੋਂ ਬਾਅਦ) ਦੂਜਾ ਸਭ ਤੋਂ ਵੱਡਾ ਅੰਗ ਹੁੰਦਾ ਹੈ ਅਤੇ ਇਸਦਾ ਵਜ਼ਨ ਤਕਰੀਬਨ 1400 ਗ੍ਰਾਮ ਹੁੰਦਾ ਹੈ। ਜਿਗਰ ਫੈਟੀ ਲੀਵਰ ਉਦੋਂ ਬਣਦਾ ਹੈ ਜਦੋਂ ਇਸਦਾ 5% ਜਾਂ ਉਸ ਤੋਂ ਵੱਧ ਹਿੱਸਾ ਲੀਵਰ ਟੀਸ਼ੂ ਦੀ ਜਗ੍ਹਾ ਚਰਬੀ ਹੋਵੇ।

ਚਰਬੀ ਜਿਗਰ ਤੱਕ ਕਿਵੇਂ ਪਹੁੰਚਦੀ ਹੈ? ਇਸ ਦੇ ਦੋ ਮੁੱਖ ਰਸਤੇ ਹਨ:

 1. ਜਿਗਰ ਅਤੇ ਅੰਤੜੀਆਂ ਦੀ ਨਜ਼ਦੀਕੀ ਕਾਰਨ, ਚਰਬੀ ਦੇ ਸੈੱਲ ਅੰਤੜੀਆਂ ਤੋਂ ਜਿਗਰ ਵਿੱਚ ਦਾਖਲ ਹੋ ਸਕਦੇ ਹਨ।
 2. ਜਿਗਰ ਦੇ ਸੈੱਲਾਂ ਦਾ ਪਤਨ: ਜਿਗਰ ਦੇ ਸੈੱਲ ਟੁੱਟਦੇ ਹਨ ਅਤੇ ਚਰਬੀ ਦੇ ਸੈੱਲਾਂ ਅੰਦਰ ਤਬਦੀਲ ਹੋ ਜਾਂਦੇ ਹਨ।

ਜਿਗਰ ਦੇ ਕੁੱਝ ਮੁੱਖ ਕਾਰਜ ਹਨ:

 • ਗਲਾਈਕੋਜਨ (ਸਰੀਰ ਅੰਦਰ ਗਲੁਕੋਜ਼ ਦੇ ਭੰਡਾਰ ਦਾ ਮੁੱਖ ਰੂਪ) ਨੂੰ ਜਮ੍ਹਾਂ ਕਰਨਾ
 • ਸਰੀਰ ਦਾ ਜ਼ਰੂਰੀ ਪਦਾਰਥ ਪੈਦਾ ਕਰਨਾ
 • ਮੈਟਾਬਾਲਿਕ ਰਹਿੰਦ-ਖੂੰਹਦ ਨੂੰ ਕੱਢਣਾ
 • ਵਿਟਾਮਿਨ ਜਮ੍ਹਾਂ ਕਰਨਾ
 • ਲੋਹੇ ਅਤੇ ਤਾਂਬੇ ਵਰਗੇ ਖਣਿਜਾਂ (ਜੋ ਖੂਨ ਦੇ ਲਾਲ ਸੈੱਲ ਬਣਾਉਣ ਲਈ ਜ਼ਰੂਰੀ ਹੁੰਦੇ ਹਨ) ਨੂੰ ਜਮ੍ਹਾਂ ਕਰਨਾ
 • ਖੂਨ ਦੇ ਜੰਮਣ (blood clotting) ਲਈ ਜ਼ਰੂਰੀ ਪ੍ਰੋਟੀਨ ਬਣਾਉਣਾ
 • ਸ਼ਰਾਬ, ਕਈ ਦਵਾਈਆਂ (ਜਿਵੇਂ ਟਾਈਲਨੌਲਜ਼, ਵਾਰਫਰੀਨ, ਅਮਿਓਡਾਰੋਨ) ਅਤੇ ਹੋਰ ਜ਼ਹਿਰੀਲੇ ਪਦਾਰਥਾਂ ਨੂੰ ਖਤਮ ਕਰਨਾ
 • ਚਰਬੀ ਪਚਾਉਣ ਲਈ ਬਾਈਲ (ਪਿਤ) (ਗਾਲਬਲੈਡਰ ਵਿੱਚ ਜਮ੍ਹਾਂ) ਪੈਦਾ ਕਰਨਾ

ਹੈਪੇਟਾਇਟਸ ਏ

ਹੋਰ ਪੜ੍ਹਲੋ ਜੀ

ਹੈਪੇਟਾਇਟਸ ਬੀ

ਹੋਰ ਪੜ੍ਹਲੋ ਜੀ

ਫੈਟੀ ਲੀਵਰ

ਹੋਰ ਪੜ੍ਹਲੋ ਜੀ

ਹੈਪੇਟਾਇਟਸ ਤੋਂ ਜਿਗਰ ਦੀਆਂ ਬਿਮਾਰੀਆਂ ਅਤੇ ਜਿਗਰ ਦਾ ਕੈਂਸਰ ਹੋਣਾ ਬਹੁਤ ਆਮ ਹੈ ਅਤੇ ਇਹ ਇੱਕ ਗੰਭੀਰ ਸਿਹਤ ਸਮੱਸਿਆ ਹੈ। ਬਹੁਗਿਣਤੀ (80%) ਜਿਗਰ ਦੇ ਕੈਂਸਰ ਹੈਪੇਟਾਇਟਸ ਕਾਰਨ ਹੁੰਦੇ ਹਨ। “ਬਚਾਅ ਇਲਾਜ ਤੋਂ ਚੰਗਾ ਹੁੰਦਾ ਹੈ” ਅਖਾਣ ਬਿਲਕੁਲ ਸਹੀ ਹੈ। ਹੈਪੇਟਾਇਟਸ ਅਤੇ ਸਿੱਟੇ ਵੱਜੋਂ ਕੈਂਸਰ ਨੂੰ ਰੋਕਿਆ ਜਾ ਸਕਦਾ ਹੈ ਅਤੇ ਇਸ ਤੋਂ ਬਚਿਆ ਜਾ ਸਕਦਾ ਹੈ।

ਹੈਪੇਟਾਇਟਸ ਏ

ਆਮ ਕਰਕੇ ਅੰਤੜੀਆਂ ਰਾਹੀਂ ਫੈਲਦਾ ਹੈ। ਇਹ ਵਾਇਰਸ ਮਰੀਜ਼ ਦੇ ਮਲ-ਮੂਤਰ ਰਾਹੀਂ ਬਾਹਰ ਆਉਂਦਾ ਹੈ ਅਤੇ ਫਿਰ ਦੂਸ਼ਿਤ ਭੋਜਨ ਰਾਹੀਂ ਮੂੰਹ ਜ਼ਰੀਏ ਪਹੁੰਚਦਾ ਹੈ ਅਤੇ ਸੰਕਰਮਣ ਕਰਦਾ ਹੈ।

ਹੈਪੇਟਾਇਟਸ ਏ ਤੋਂ ਬਚਾਅ:

 • ਨਿੱਜੀ ਸਾਫ਼-ਸਫ਼ਾਈ – ਹਮੇਸ਼ਾ ਖਾਣਾ ਬਣਾਉਣ ਅਤੇ ਖਾਣ ਤੋਂ ਪਹਿਲਾਂ ਆਪਣੇ ਹੱਥ ਧੋਵੋ, ਟੋਆਇਲਟ ਨੂੰ ਇਕਦਮ ਫਲੱਸ਼ ਕਰੋ ਅਤੇ ਬਾਥਰੂਮ ਵਰਤਣ ਮਗਰੋਂ ਆਪਣੇ ਹੱਥ ਧੋਵੋ।
 • ਸਾਫ਼-ਸੁਥਰਾ ਭੋਜਨ
  • ਹੈਪੇਟਾਇਟਸ ਏ ਵਾਇਰਸ ਨੂੰ ਉੱਚੇ ਤਾਪਮਾਨ (100 ਡਿਗਰੀ ਸੈਲਸੀਅਸ) ‘ਤੇ 5 ਮਿੰਟ ਲਈ ਪਕਾਉਣਾ ਨਾਲ ਖਤਮ ਕੀਤਾ ਜਾ ਸਕਦਾ ਹੈ, ਇਸ ਲਈ ਉਬਲ਼ਿਆ ਪਾਣੀ ਪੀਓ ਅਤੇ ਭੋਜਨ ਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ ਕਰਨਾ ਅਤੇ ਪਕਾਉਣਾ ਚਾਹੀਦਾ ਹੈ।
  • ਸਮੁੰਦਰੀ ਭੋਜਨ ਜਿਵੇਂ ਕਿ ਸੀਪ, ਕਲੇਮ ਅਤੇ ਸ਼ੈੱਲ ਫਿਸ਼ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।
  • ਜੋ ਭੋਜਨ ਅਜੇ ਖਾਦਾ ਨਹੀਂ ਗਿਆ, ਢੱਕ ਕੇ ਜਾਂ ਫਰਿੱਜ ਵਿੱਚ ਰੱਖਣਾ ਚਾਹੀਦਾ ਹੈ।
 • ਆਸਪਾਸ ਦੀ ਸਾਫ਼-ਸਫ਼ਾਈ – ਪੀਣ ਵਾਲੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸੀਵਰੇਜ ਅਤੇ ਮਲ ਦਾ ਸਹੀ ਨਿਕਾਸ।

ਹੈਪੇਟਾਇਟਸ ਬੀ ਅਤੇ ਹੈਹੈਪੇਟਾਇਟਸ ਸੀ

ਸੰਚਾਰ ਦਾ ਰਸਤਾ ਇਕੋ ਜਿਹਾ ਹੈ; ਖ਼ੂਨ ਜਾਂ ਸਰੀਰ ਦੇ ਤਰਲਾਂ ਦੁਆਰਾ (ਭੋਜਨ ਰਾਹੀਂ ਨਹੀਂ)। ਕਿਉਂਕਿ ਹੈਪੇਟਾਇਟਸ ਬੀ ਸਰੀਰ ਦੇ ਬਾਹਰ ਘੱਟੋ ਘੱਟ 7 ਦਿਨਾਂ ਲਈ ਜਿਉਂਦਾ ਰਹਿ ਸਕਦਾ ਹੈ, ਇਹ ਐੱਚਆਈਵੀ ਨਾਲੋਂ ਸੌ ਗੁਣਾ ਵਧੇਰੇ ਛੂਤਕਾਰੀ ਹੈ।

ਕੁੱਝ ਬਚਾਅ ਦੇ ਉਪਾਅ ਹੇਠਾਂ ਦਿੱਤੇ ਹਨ:

 • ਹਰ ਤਰ੍ਹਾਂ ਦੇ ਜ਼ਖਮ ਨੂੰ ਚੰਗੀ ਤਰ੍ਹਾਂ ਰੋਗਾਣੂ-ਮੁਕਤ ਕਰੋ ਅਤੇ ਉਹਨਾਂ ‘ਤੇ ਪੱਟੀ ਬੰਨੋ
 • ਰੇਜ਼ਰ, ਟੂਥ ਬਰੱਸ਼, ਸੂਈਆਂ, ਸਰਿੰਜਾਂ ਜਾਂ ਕੋਈ ਹੋਰ ਅਜਿਹੇ ਉਤਪਾਦਾਂ ਨੂੰ ਸਾਂਝਾ ਨਾ ਕਰੋ ਜਿਸ ਵਿਚ ਖੂਨ ਜਾਂ ਸਰੀਰ ਦੇ ਤਰਲਾਂ ਰਾਹੀਂ ਦੂਸ਼ਿਤ ਹੋਣ ਦੀ ਸੰਭਾਵਨਾ ਹੋਵੇ
 • ਕੋਈ ਵੀ ਮੈਡੀਕਲ, ਡੈਂਟਲ ਜਾਂ ਹੋਰ ਉਪਕਰਣ (ਉਦਾਹਰਣ ਵਜੋਂ ਐਕਯੂਪੰਕਚਰ, ਟੈਟੂ ਬਣਵਾਉਣਾ, ਸਰੀਰ ਵਿੰਨ੍ਹਣਾ, ਮੈਨਿਕਿਊਰ) ਦੀ ਵਰਤੋਂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਰੋਗਾਣੂ-ਮੁਕਤ ਕਰਨਾ ਚਾਹੀਦਾ ਹੈ
 • ਖੁੱਲੇ ਜਿਣਸੀ ਸੰਬੰਧਾਂ ਤੋਂ ਬਚੋ ਅਤੇ ਕੰਡੋਮ ਦੀ ਵਰਤੋਂ ਕਰੋ

ਹੈਪੇਟਾਇਟਸ ਇਮਿਊਨਾਇਜੇਸ਼ਨ:

ਇਸ ਨੂੰ ਦੋ ਭਾਗ ਵਿੱਚ ਵੰਡਿਆ ਜਾ ਸਕਦਾ ਹੈ: ਅਸਰਗਰਮ ਅਤੇ ਸਰਗਰਮ ਇਮਿਊਨਾਇਜੇਸ਼ਨ

ਅਸਰਗਰਮ ਇਮਿਊਨਾਇਜੇਸ਼ਨ

ਇਮਿਊਨ ਗਲੋਬੁਲੀਨ ਦਾ ਟੀਕਾ ਇਕਦਮ ਇਮਿਊਨਿਟੀ ਅਤੇ ਸੁਰੱਖਿਆ ਦਿੰਦਾ ਹੈ ਪਰ ਲੰਮੇ ਸਮੇਂ ਲਈ ਅਸਰ ਨਹੀਂ ਕਰਦਾ। ਇਹ ਹੇਠਲੀਆਂ ਹਾਲਤਾਂ ਲਈ ਢੁਕਵਾਂ ਹੈ:

 • ਹੈਪੇਟਾਇਟਸ ਏ (ਇਮਿਊਨ ਗਲੋਬੁਲੀਨ ਏ)
  • ਉਨ੍ਹਾਂ ਲੋਕਾਂ ਲਈ ਢੁਕਵਾਂ ਹੈ ਜਿਹੜੇ ਹੈਪੇਟਾਇਟਸ ਏ ਨਾਲ ਸੰਕਰਮਿਤ ਨਹੀਂ ਹੋਏ ਹਨ ਪਰ ਉਹ ਅਸਥਾਈ ਸੁਰੱਖਿਆ ਚਾਹੁੰਦੇ ਹਨ ਜਾਂ ਹੈਪੇਟਾਇਟਸ ਏ ਤੋਂ ਪ੍ਰਭਾਵਿਤ ਖੇਤਰਾਂ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ
  • (ਐਲਰਜੀ, ਜਾਂ ਮਾੜੇ ਪ੍ਰਭਾਵਾਂ ਆਦਿ ਦੇ ਕਾਰਨ) ਇਹ ਵੈਕਸੀਨ ਮਰੀਜ਼ਾਂ ਲਈ ਢੁੱਕਵੀਂ ਨਹੀਂ ਹੈ
  • 1 ਸਾਲ ਤੋਂ ਘੱਟ ਦੇ ਬੱਚਿਆਂ ਲਈ ਢੁੱਕਵੀਂ ਨਹੀਂ ਹੈ
  • ਕਮਜ਼ੋਰ ਇਮਿਊਨਿਟੀ ਵਾਲਿਆਂ ਅਤੇ ਉਹਨਾਂ ਲੋਕਾਂ ਲਈ ਢੁੱਕਵੀਂ ਹੈ ਜਿਹਨਾਂ ‘ਤੇ ਵੈਕਸੀਨ ਦਾ ਅਸਰ ਨਹੀਂ ਹੁੰਦਾ
 • ਹੈਪੇਟਾਇਟਸ ਬੀ (ਇਮਿਊਨ ਗਲੋਬੁਲੀਨ ਬੀ)
  • ਹੈਪੇਟਾਇਟਸ ਬੀ ਸੰਕਰਮਿਤ ਖੂਨ ਨਾਲ ਗਲਤੀ ਨਾਲ ਸੰਪਰਕ ਚ ਆਉਣ ‘ਤੇ (ਜਿਵੇਂ ਐਕਿਊਪੰਕਚਰ), ਸੰਪਰਕ ਦੇ 48 ਘੰਟਿਆ ਦੇ ਅੰਦਰ ਲੱਗਣੀ ਚਾਹੀਦੀ ਹੈ
  • ਹੈਪੇਟਾਇਟਸ ਬੀ ਸੰਕਰਮਿਤ ਮਰੀਜ਼ ਨਾਲ ਜਿਣਸੀ ਸੰਬੰਧ ਬਣਾਉਣ ਕਾਰਨ, 2 ਹਫਤਿਆਂ ਅੰਦਰ ਲਾ ਸਕਦੇ ਹਾਂ
  • ਉਹਨਾਂ ਮਾਵਾਂ, ਜੋ ਕੈਰੀਅਰ ਹਨ, ਦੇ ਨਵਜੰਮੇ ਬੱਚਿਆਂ ਦੇ 12 ਘੰਟਿਆਂ ਅੰਦਰ ਇਮਿਊਨੋਗਲੋਬੁਲੀਨ ਦਾ ਟੀਕਾ ਲੱਗਣਾ ਬਹੁਤ ਜ਼ਰੂਰੀ ਹੈ ਅਤੇ ਬੱਚੇ ਨੂੰ ਉਸੇ ਸਮੇਂ ਵੈਕਸੀਨ ਵੀ ਦਿੱਤੀ ਜਾ ਸਕਦੀ ਹੈ

ਸਰਗਰਮ ਇਮਿਊਨਾਇਜੇਸ਼ਨ

ਇਹ ਹੈਪੇਟਾਇਟਸ ਏ ਅਤੇ ਹੈਪੇਟਾਇਟਸ ਬੀ ਤੋਂ ਬਹੁਤ ਪ੍ਰਭਾਵਸ਼ਾਲੀ ਲੰਮੇ ਸਮੇਂ ਦਾ ਬਚਾਅ ਹੈ। ਇਮਿਊਨਾਇਜੇਸ਼ਨ ਸਰੀਰ ਅੰਦਰ ਹੈਪੇਟਾਇਟਸ ਵੈਕਸੀਨ ਲਾਉਂਦੀ ਹੈ ਜਿਸ ਨਾਲ ਸਰੀਰ ਦੀ ਇਨਮਿਉਨ ਪ੍ਰਣਾਲੀ ਹੈਪੇਟਾਇਟਸ ਵਾਇਰਲ ਸੰਕਰਮਣ ਤੋਂ ਲੰਮਾ ਸਮਾਂ ਬਚਣ ਲਈ ਜ਼ਰੂਰੀ ਐਂਟੀਬਾਡੀ ਬਣਾਉਂਦੀ ਹੈ। ਸਿਰਫ਼ ਹੈਪੇਟਾਇਟਸ ਏ ਅਤੇ ਹੈਪੇਟਾਇਟਸ ਬੀ ਦੀਆਂ ਵੈਕਸੀਨਾਂ ਉਪਲਬਧ ਹਨ। ਹੈਪੇਟਾਇਟਸ ਸੀ ਜਾਂ ਹੈਪੇਟਾਇਟਸ ਦੀਆਂ ਹੋਰ ਕਿਸਮਾਂ ਲਈ ਅਜੇ ਵੈਕਸੀਨ ਨਹੀਂ ਹੈ।

ਹੈਪੇਟਾਇਟਸ ਏ ਵੈਕਸੀਨ:

ਇਸ ਵਿੱਚ ਕੁੱਲ ਦੋ ਟੀਕੇ ਸ਼ਾਮਲ ਹਨ। ਪਹਿਲੇ ਟੀਕੇ ਤੋਂ ਬਾਅਦ ਸਰੀਰ ਹੈਪੇਟਾਇਟਸ ਏ ਵਾਇਰਸ ਨਾਲ ਲੜਨ ਲਈ ਉਚਿਤ ਐਂਟੀਬਾਡੀ ਬਣਾਉਣ ਵਿੱਚ 2 ਤੋਂ 4 ਹਫ਼ਤੇ ਲੈਂਦਾ ਹੈ। ਦੂਜਾ ਵੈਕਸੀਨ ਦਾ ਟੀਕਾ (ਬੂਸਟਰ ਸ਼ਾਟ) ਆਮ ਤੌਰ ‘ਤੇ ਸਰੀਰ ਨੂੰ ਲੰਮਾ ਸਮਾਂ (10-20 ਸਾਲ) ਇਮਿਊਨਿਟੀ ਲਈ 6-12 ਮਹੀਨੇ ਵਿੱਚ ਲੱਗਦਾ ਹੈ।

ਹੇਠ ਦੱਸੇ ਲੋਕਾਂ ਨੂੰ ਹੈਪੇਟਾਇਟਸ ਵੈਕਸੀਨ ਲਗਵਾਉਣ ਬਾਰੇ ਸੋਚਣਾ ਚਾਹੀਦਾ ਹੈ:

 • ਉਹ ਲੋਕ ਜਿਹਨਾਂ ਅੰਦਰ ਹੈਪੇਟਾਇਟਸ ਏ ਐਂਟੀਬਾਡੀ ਨਹੀਂ ਹਨ
 • ਉਹ ਲੋਕ ਜੋ ਉਹਨਾਂ ਜਗ੍ਹਾਂ ‘ਤੇ ਆਮ ਤੌਰ ਤੇ ਜਾਂਦੇ ਹਨ ਜਿੱਥੇ ਹੈਪੇਟਾਇਟਸ ਏ ਆਮ ਹੈ
 • ਉਹ ਲੋਕ ਜੋ ਆਮ ਤੌਰ ‘ਤੇ ਅਣ-ਪੱਕਿਆ ਭੋਜਨ ਖਾਸਕਰ ਸ਼ੈੱਲਫਿਸ਼ ਅਤੇ ਸਮੁੰਦਰੀ ਭੋਜਨ ਖਾਂਦੇ ਹਨ
 • ਉਹ ਲੋਕ ਜੋ ਭੋਜਨ ਉਦਯੋਗ ਵਿੱਚ ਕੰਮ ਕਰਦੇ ਹਨ

ਹੈਪੇਟਾਇਟਸ ਬੀ ਵੈਕਸੀਨ:

ਬਿਹਤਰੀਨ ਇਮਿਊਨ ਸੁਰੱਖਿਆ ਲਈ ਪੂਰਾ ਕੋਰਸ 6 ਮਹੀਨੇ ਅੰਦਰ 3 ਟੀਕਿਆਂ ਦਾ ਹੁੰਦਾ ਹੈ। ਪਹਿਲੇ ਅਤੇ ਦੂਜੇ ਟੀਕੇ ਵਿੱਚ ਇੱਕ ਮਹੀਨੇ ਦੀ ਵਿੱਥ ਹੋਣੀ ਚਾਹੀਦੀ ਹੈ; ਦੂਜੇ ਅਤੇ ਤੀਜੇ ਟੀਕੇ ਵਿੱਚ 5 ਮਹੀਨੇ ਦੀ ਵਿੱਥ ਚਾਹੀਦੀ ਹੈ। ਹੈਪੇਟਾਇਟਸ ਬੀ ਐਂਟੀਬਾਡੀ ਟੀਕੇ ਦੇ ਇੱਕ ਜਾਂ ਦੋ ਹਫ਼ਤੇ ਅੰਦਰ ਬਣ ਜਾਂਦੀਆਂ ਹਨ। ਜੇ ਵੈਕਸੀਨ ਦੇ ਤਿੰਨ ਟੀਕੇ ਸਮੇਂ ਅਨੁਸਾਰ ਲੱਗ ਜਾਣ ਤਾਂ 9-95% ਲੋਕਾਂ ਦੇ ਸਰੀਰ ਵਿੱਚ ਢੁੱਕਵੇਂ ਹੈਪੇਟਾਇਟਸ ਬੀ ਐਂਟੀਬਾਡੀ ਬਣ ਜਾਣਗੇ ਜੋ ਉਹਨਾਂ ਨੂੰ 15 ਸਾਲ ਜਾਂ ਉਸਤੋਂ ਵੱਧ ਤੱਕ ਇਮਉਨਿਟੀ ਦੇਣਗੇ। ਇਮਿਊਨਿਟੀ ਵਾਲੇ ਲੋਕਾਂ ਨੂੰ ਇੱਕ ਵਾਰ ਜ਼ਰੂਰਤ ਜਿੰਨੇ ਐਂਟੀਬਾਡੀ ਬਣਨ ਮਗਰੋਂ ਬੂਸਟਰ ਵੈਕਸੀਨ ਦੀ ਲੋੜ ਨਹੀਂ ਹੋਵੇਗੀ।

ਹੇਠਲੇ ਲੋਕਾਂ ਨੂੰ ਹੈਪੇਟਾਇਟਸ ਬੀ ਵੈਕਸੀਨ ਲਗਵਾਉਣੀ ਚਾਹੀਦੀ ਹੈ:

 • ਕੋਈ ਜਿਸ ਨੂੰ ਕਦੇ ਵੀ ਹੈਪੇਟਾਇਟਸ ਬੀ ਦਾ ਸੰਕਰਮਣ ਨਾ ਹੋਇਆ ਹੋਵੇ
 • ਹੈਪੇਟਾਇਟਸ ਕੈਰੀਅਰ ਦੇ ਪਰਿਵਾਰਕ ਮੈਂਬਰ, ਜਿਣਸੀ ਸੰਬੰਧੀ ਅਤੇ ਉਹ ਲੋਕ ਜੋ ਨਜਦੀਕੀ ਸੰਪਰਕ ਵਿੱਚ ਰਹਿੰਦੇ ਹੋਣ
 • ਮੈਡੀਕਲ ਕਰਮਚਾਰੀ ਕਿਉਂਕਿ ਉਹਨਾਂ ਦੇ ਕੰਮ ਕਰਨ ਕਰਕੇ ਉਹ ਮਰੀਜ਼ਾਂ ਦੇ ਖੂਨ ਅਤੇ ਸਰੀਰਕ ਤਰਲਾਂ ਦੇ ਸੰਪਰਕ ਵਿੱਚ ਆਉਂਦੇ ਰਹਿੰਦੇ ਹਨ
 • ਉਹ ਲੋਕ ਜੋ ਨਸ਼ਾ ਕਰਦੇ ਹਨ
 • ਉਹ ਲੋਕ ਜਿਹੜੇ ਡਾਇਆਲਿਸਿਸ ਕਰਵਾਉਂਦੇ ਹਨ
 • ਉਹ ਲੋਕ ਜਿਨ੍ਹਾਂ ਨੂੰ ਆਮ ਤੌਰ ‘ਤੇ ਖੂਨ ਚਾੜਿਆ ਜਾਂਦਾ ਹੈ
 • ਨਵੇ ਜੰਮੇ ਬੱਚੇ, ਖਾਸਕਰ ਜਦੋਂ ਮਾਂ ਕੈਰੀਅਰ ਹੋਵੇ

ਟਵਿਨਰਿਕਸ (ਹੈਪੇਟਾਇਟਸ ਏ ਅਤੇ ਬੀ ਵੈਕਸੀਨ ਦਾ ਸੁਮੇਲ)

ਹੈਪੇਟਾਇਟਸ ਏ ਅਤੇ ਹੈਪੇਟਾਇਟਸ ਬੀ ਵੈਕਸੀਨ ਦਾ ਸੁਮੇਲ ਵਿਅਕਤੀ ਨੂੰ ਹੈਪੇਟਾਇਟਸ ਏ ਅਤੇ ਹੈਪੇਟਾਇਟਸ ਬੀ ਦੋਨਾਂ ਵਾਇਰਲ ਸੰਕਰਮਣਾਂ ਤੋਂ ਬਚਾਅ ਸਕਦਾ ਹੈ। ਵੈਕਸੀਨੇਸ਼ਨ 6 ਮਹੀਨੇ ਅੰਦਰ 3 ਟੀਕਿਆਂ ਰਾਹੀਂ ਲੱਗਦੀ ਹੈ। ਇਹ ਘੱਟੋ ਘੱਟ 15 ਸਾਲ ਲਈ ਅਸਰਦਾਰ ਰਹੇਗੀ। ਕਨੇਡਾ ਵਿੱਚ ਵਿਆਪਕ ਇਮਿਊਨਾਇਜੇਸ਼ਨ ਪਲੈਨ ਸਾਰੇ ਮੁੱਢਲੇ ਸਕੂਲੀ ਵਿਦਿਆਰਥੀਆਂ ਅਤੇ ਨਵਜੰਮੇ ਬੱਚਿਆਂ ਨੂੰ ਹੈਪੇਟਾਇਟਸ ਬੀ ਵੈਕਸੀਨ ਦਿੰਦਾ ਹੈ। ਪਰ ਹੈਪੇਟਾਇਟਸ ਏ ਲਈ ਅਜੇ ਕੋਈ ਵੈਕਸੀਨੇਸ਼ਨ ਪਲੈਨ ਨਹੀਂ ਹੈ।

ਉਮੀਦ ਹੈ ਕਿ ਵਿਆਪਕ ਵੈਕਸੀਨੇਸ਼ਨ ਪਲੈਨ ਦੇ ਫੈਲਾਅ ਸਮੇਤ ਹੈਪੇਟਾਇਟਸ ਦੀ ਬਿਹਤਰ ਸਮਝ ਅਤੇ ਬਚਾਅ ਨਾਲ ਹੈਪੇਟਾਇਟਸ ਅਤੇ ਇਸ ਨਾਲ ਜੁੜੀਆਂ ਜਟਿਲਤਾਵਾਂ ਅਤੇ ਅਗਲੀਆਂ ਬਿਮਾਰੀਆਂ ਨਜ਼ਦੀਕੀ ਭਵਿੱਖ ਵਿੱਚ ਪੂਰੀ ਤਰ੍ਹਾਂ ਖਤਮ ਹੋ ਜਾਣਗੀਆਂ।

ਡਾ. ਥਾਮਸ ਹੋ , ਪਰਿਵਾਰਕ ਅਭਿਆਸ ਵੱਲੋਂ ਸਮੱਗਰੀ

ਹੈਪੇਟਾਇਟਸ ਏ

ਹੋਰ ਪੜ੍ਹਲੋ ਜੀ

ਹੈਪੇਟਾਇਟਸ ਬੀ

ਹੋਰ ਪੜ੍ਹਲੋ ਜੀ

ਹੈਪੇਟਾਇਟਸ ਸੀ

ਹੋਰ ਪੜ੍ਹਲੋ ਜੀ

ਫੈਟੀ ਲੀਵਰ

ਹੋਰ ਪੜ੍ਹਲੋ ਜੀ

ਹੈਪੇਟਾਇਟਸ ਏ

ਇਕਦਮ ਜਾਂ ਪਿੱਛੇ ਜਿਹੇ ਹੋਏ ਹੈਪੇਟਾਇਟਸ ਏ ਦੇ ਸੰਕਰਮਣ ਦਾ ਖੂਨ ਦੀ ਜਾਂਚ ਰਾਹੀਂ ਪਤਾ ਲਗਾਇਆ ਜਾ ਸਕਦਾ ਹੈ। ਸਮੱਸਿਆ ਇਹ ਹੈ ਕਿ ਕੁੱਝ ਲੋਕ ਸੰਕਰਮਣ ਹੋਣ ‘ਤੇ ਲੱਛਣ ਰਹਿਤ ਹੁੰਦੇ ਹਨ ਅਤੇ ਇਸ ਲਈ ਉਹਨਾਂ ਨੂੰ ਖੂਨ ਦੀ ਜਾਂਚ ਕਰਾਉਣ ਬਾਰੇ ਪਤਾ ਨਹੀਂ ਹੁੰਦਾ।

ਹੈਪੇਟਾਇਟਸ ਏ ਦਾ ਕੋਈ ਖਾਸ ਇਲਾਜ ਨਹੀਂ ਹੈ। ਸਿਰਫ਼ ਇਸਦੇ ਲੱਛਣਾਂ ਦਾ ਇਲਾਜ ਹੀ ਕੀਤਾ ਜਾ ਸਕਦਾ ਹੈ। ਸੰਕਰਮਣ ਦੇ ਹਲਕੇ ਤੋਂ ਮੱਧਮ ਮਾਮਲਿਆਂ ਵਿੱਚ ਮਰੀਜ਼ ਆਮ ਕਰਕੇ 4-6 ਹਫਤਿਆਂ ਵਿੱਚ ਰਾਜ਼ੀ ਹੋ ਜਾਂਦਾ ਹੈ। ਪਰ ਗੰਭੀਰ ਮਾਮਲਿਆਂ ਵਿੱਚ ਰਾਜ਼ੀ ਹੋਣ ਲਈ ਕਈ ਮਹੀਨੇ ਵੀ ਲੱਗ ਸਕਦੇ ਹਨ। ਬਹੁਤ ਹੀ ਦੁਰਲੱਭ ਅਤੇ ਗੰਭੀਰ ਮਾਮਲਿਆਂ ਵਿੱਚ ਜਿਗਰ ਫੇਲ੍ਹ ਹੁੰਦਾ ਹੈ ਜਾਂ ਮੌਤ ਹੁੰਦੀ ਹੈ।

ਹੈਪੇਟਾਇਟਸ ਬੀ

ਹੈਪੇਟਾਇਟਸ ਏ ਇੱਕ ਬਹੁਤ ਆਮ ਵਿਸ਼ਵ ਵਿਆਪੀ ਸਮੱਸਿਆ ਹੈ, ਜਿਸ ਕਾਰਨ ਪੂਰੀ ਦੁਨੀਆ ਵਿੱਚ 350 ਮਿਲੀਅਨ (35 ਕਰੋੜ) ਲੋਕ ਪ੍ਰਭਾਵਿਤ ਹਨ।  ਇਹ ਬਿਮਾਰੀ ਏਸ਼ੀਆ ਵਿੱਚ ਸਭ ਤੋਂ ਵੱਧ ਹੈ ਅਤੇ ਚੀਨ ਵਿੱਚ ਦੁਨੀਆ ਦੇ ਇੱਕ ਤਿਹਾਈ ਮਾਮਲੇ ਹਨ।  ਇਸ ਤੋਂ ਸੰਕਰਮਿਤ ਬਹੁਤ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਦਿਸਦੀ ਅਤੇ ਉਹ ਨਹੀਂ ਜਾਣਦੇ ਕਿ ਉਹਨਾਂ ਨੂੰ ਇਹ ਬਿਮਾਰੀ ਹੈ।  ਇੱਕ ਅੰਦਾਜ਼ੇ ਮੁਤਾਬਕ ਬ੍ਰਿਟਿਸ਼ ਕੋਲੰਬੀਆ ਵਿੱਚ 30,000 ਤੋਂ ਲੈ ਕੇ 60,000 ਲੋਕਾਂ ਨੂੰ ਇਹ ਸੰਕਰਮਣ ਹੈ। ਇਸਦਾ ਪਤਾ ਲਗਾਉਣ ਦਾ ਇੱਕੋ ਇੱਕ ਤਰੀਕਾ, ਖੂਨ ਦੀ ਜਾਂਚ ਕਰਾਉਣਾ ਹੈ।

ਹੈਪੇਟਾਇਟਸ ਬੀ ਇੱਕ ਵਾਇਰਸ ਕਾਰਨ ਹੁੰਦਾ ਹੈ।  ਇਹ ਵਾਇਰਸ ਜਿਗਰ ਦੇ ਸਾਰੇ ਸੈੱਲ ਨੂੰ ਸੰਕਰਮਿਤ ਕਰਦਾ ਹੈ ਅਤੇ ਉਹਨਾਂ ਦੀ ਜਨੈਟਿਕ ਸਮੱਗਰੀ ਦਾ ਹਿੱਸਾ ਬਣ ਜਾਂਦਾ ਹੈ।  ਜਦੋਂ ਸਾਡੀ ਇਮਿਊਨ ਪ੍ਰਣਾਲੀ ਵਾਇਰਸ ਨੂੰ ਪਛਾਣਦੀ ਹੈ, ਇਹ ਜਿਗਰ ਦੇ ਸੈੱਲਾਂ ਅੰਦਰ ਵਾਇਰਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹੈ।  ਇਹ ਇਮਿਊਨ ਪ੍ਰਣਾਲੀ ਦੀ ਜਿਗਰ ਦੇ ਸੈੱਲਾਂ ਅੰਦਰ ਵਾਇਰਸ ਨੂੰ ਖਤਮ ਕਰਨ ਦੀ ਕੋਸ਼ਿਸ਼ ਜਿਗਰ ਨੂੰ ਲਗਾਤਾਰ ਨੁਕਸਾਨ ਪਹੁੰਚਾਉਂਦੀ ਹੈ।  ਕਿਉਂਕਿ ਬਹੁਤੇ ਮਾਮਲਿਆਂ ਵਿੱਚ ਚਿਰਕਾਲੀ ਹੈਪੇਟਾਇਟਸ ਬੀ ਜਿੰਦਗੀ ਦੀ ਸ਼ੁਰੂਆਤ ਵਿੱਚ ਸੰਕਰਮਣ ਵਜੋਂ ਸ਼ੁਰੂ ਹੁੰਦੀ ਹੈ, ਸਾਡੀ ਇਮਿਊਨ ਪ੍ਰਣਾਲੀ ਉਸ ਸਮੇਂ ਅਵਿਕਸਿਤ ਹੁੰਦੀ ਹੈ ਅਤੇ ਇਸਨੂੰ ਪਹਿਚਾਨਣ ਵਿੱਚ ਮੁਸ਼ਕਿਲ ਹੁੰਦੀ ਹੈ।  ਜੇ ਇਹ ਸੰਕਰਮਣ ਇਮਿਊਨ ਪ੍ਰਣਾਲੀ ਵੱਲੋਂ ਪਛਾਣਿਆ ਨਹੀਂ ਜਾਂਦਾ, ਇਹ ਮਰੀਜ਼ਾਂ ਨੂੰ ਇੱਕ ਮੁਕਾਬਲਤਨ ਅਸਰਗਰਮ ਬਿਮਾਰੀ ਹੁੰਦੀ ਹੈ ਜਿਸ ਨੂੰ ਹੈਪੇਟਾਇਟਸ ਬੀ ਕੈਰੀਅਰ ਕਿਹਾ ਜਾਂਦਾ ਹੈ।  ਇਹ ਮਰੀਜ਼ਾਂ ਕੋਲ ਅਜੇ ਵੀ ਵਾਇਰਸ ਹੁੰਦਾ ਹੈ ਅਤੇ ਸੰਕਰਮਣ ਕਰ ਸਕਦਾ ਹੈ ਪਰ ਉਹ ਬਹੁਤਾ ਜਿਗਰ ਦਾ ਸਰਗਰਮ ਨੁਕਸਾਨ ਨਹੀਂ ਕਰਦਾ।

ਹੈਪੇਟਾਇਟਸ ਬੀ ਨਾਲ ਸੰਕਰਮਿਤ ਕੁੱਝ ਲੋਕਾਂ ਅੰਦਰ ਜਿਗਰ ਦਾ ਗੰਭੀਰ ਨੁਕਸਾਨ ਹੁੰਦਾ ਹੈ। ਲੰਮੇ ਸਮੇਂ ਵਿੱਚ ਇਹਨਾਂ ਵਿੱਚ ਚਿਰਕਾਲੀ ਸਰਗਰਮ ਹੈਪੇਟਾਇਟਸ ਬੀ ਕਾਰਨ ਸਿਰੋਸਿਸ (ਇੱਕ ਅਜਿਹੀ ਹਾਲਤ ਜਿਸ ਵਿੱਚ ਜਿਗਰ ਸਹੀ ਤਰ੍ਹਾਂ ਕੰਮ ਨਹੀਂ ਜਰਦਾ) ਅਤੇ ਡੀਕੰਪਨਸੇਟਡ ਲੀਵਰ ਰੋਗ ਹੋ ਜਾਂਦਾ ਹੈ।  ਇਹ ਵਾਇਰਸ ਲੰਮੇ ਸਮੇਂ ਦੌਰਾਨ ਜਿਗਰ ਦਾ ਕੈਂਸਰ ਵੀ ਕਰ ਸਕਦਾ ਹੈ। ਬਹੁਤੇ ਲੋਕਾਂ ਡੀਕੰਪਨਸੇਟਡ ਲੀਵਰ ਰੋਗ ਜਾਂ ਜਿਗਰ ਦਾ ਕੈਂਸਰ ਹੋਣ ਤੱਕ ਬਿਲਕੁਲ ਸਹੀ ਮਹਿਸੂਸ ਕਰਦੇ ਹਨ।

ਕੁੱਝ ਸ਼ੁਰੂਆਤੀ ਲੱਛਣ ਇਸ ਤਰ੍ਹਾਂ ਹਨ:

 • ਥਕਾਵਟ
 • ਪੀਲੀਆ
 • ਵਜਨ ਘਟਣਾ
 • ਪੇਟ ਅੰਦਰ ਕੜਵੱਲ
 • ਗੈਸਟ੍ਰੋਇੰਟਸਟਾਇਨਲ ਬਲੀਡਿੰਗ

ਇਸ ਲਈ ਇਹ ਖਤਰਨਾਕ ਹੈ। ਜੇ ਇਹ ਸੰਕਰਮਣ ਤੁਹਾਡੇ ਪਰਿਵਾਰ ਵਿੱਚ ਹੋਵੇ ਤਾਂ ਤੁਰੰਤ ਆਪਣੇ ਪਰਿਵਾਰਕ ਡਾਕਟਰ ਨੂੰ ਮਿਲੋ ਅਤੇ ਪਤਾ ਕਰੋ ਕਿ ਕੀ ਤੁਹਾਨੂੰ ਇਲਾਜ ਦੀ ਜ਼ਰੂਰਤ ਹੈ?  ਇਲਾਜ ਦਾ ਨਿਸ਼ਾਨਾ ਬਿਮਾਰੀ ਕਾਰਨ ਆਉਣ ਵਾਲੀਆਂ ਜਟਿਲਤਾਵਾਂ ਤੋਂ ਬਚਣਾ ਹੈ।

ਲੰਮੇ ਸਮੇਂ ਤੋਂ ਬ੍ਰਿਟਿਸ਼ ਕੋਲੰਬੀਆ ਵਿੱਚ ਹੈਪੇਟਾਇਟਸ ਬੀ ਦੇ ਇਲਾਜ ਲਈ ਬਹੁਤ ਘੱਟ ਫੰਡਿੰਗ ਸੀ। ਇਸਦੇ ਇਲਾਜ ਅਸਰਦਾਰ ਪਰ ਮਹਿੰਗੇ ਸਨ ਅਤੇ ਹੁਣ ਤੱਕ ਜਰੂਰਤਮੰਦਾਂ ਦੇ ਅਸਰਦਾਰ ਇਲਾਜ ਵਿੱਚ ਪੈਸਾ ਖਰਚਣ ਲਈ ਸਿਆਸੀ ਇੱਛਾ ਨਹੀਂ ਸੀ।  ਪਰ, 25 ਮਾਰਚ 2008 ਨੂੰ ਸਰਕਾਰ ਨੇ ਐਲਾਨ ਕੀਤਾ ਕਿ ਉਹ ਫ਼ਾਰਮਾਕੇਅਰ ਪ੍ਰੋਗਰਾਮ ਤਹਿਤ ਅਸਰਦਾਰ ਇਲਾਜ ਲਈ ਪੈਸਾ ਦੇਵੇਗੀ।  ਇਹ ਕੁੱਝ ਤਾਂ ਏਸ਼ੀਅਨ ਭਾਈਚਾਰੇ ਦੇ ਦਬਾਅ ਹੇਠ ਅਤੇ ਕੁੱਝ ਹੈਪੇਟਾਇਟਸ ਦਾ ਇਲਾਜ਼ ਕਰਨ ਵਾਲੇ ਡਾਕਟਰਾਂ ਦੀ ਸਲਾਹ ‘ਤੇ ਕੀਤਾ ਗਿਆ।

ਇਸਦੇ ਦੋ ਕਿਸਮ ਦੇ ਇਲਾਜ ਹਨ:

 • ਇੰਟਰਫ਼ਿਰੋਨ- ਟੀਕੇ ਰਾਹੀਂ ਦਿੱਤੇ ਜਾਂਦੇ ਹਨ:
  • ਇਮਿਊਨ ਪ੍ਣਾਲੀ ਨੂੰ ਮਜਬੂਤ ਕਰਦੇ ਹਨ
  • ਇਮਿਊਨ ਪ੍ਰਣਾਲੀ ਨੂੰ ਹੁਲਾਰਾ ਦਿੰਦੇ ਹਨ ਤਾਂ ਕਿ ਤੁਹਾਡਾ ਆਪਣਾ ਸਰੀਰ ਸੰਕਰਮਣ ਤੋਂ ਖਹਿੜਾ ਛੁਡਾ ਸਕੇ
  • ਇੰਟਰਫ਼ਿਰੋਨ ਇਲਾਜ ਤਕਰੀਬਨ 30% ਲੋਕਾਂ ਅੰਦਰ ਵਾਇਰਸ ਨੂੰ ਪ੍ਰਭਾਵਹੀਣ ਕਰਨ ਵਿੱਚ ਸਫ਼ਲ ਹੁੰਦਾ ਹੈ
  • ਜਿਨ੍ਹਾਂ ਮਰੀਜ਼ਾਂ ਨੂੰ ਇਹ ਇਲਾਜ ਦੱਸਿਆ ਜਾਂਦਾ ਹੈ ਉਹਨਾਂ ਨੂੰ ਹਰ ਹਫ਼ਤੇ 1 ਤੋਂ 3 ਵਾਰ 12 ਮਹੀਨਿਆਂ ਲਈ ਟੀਕੇ ਲਗਾਏ ਜਾਂਦੇ ਹਨ
  • ਜਿਨ੍ਹਾਂ ਮਰੀਜ਼ਾਂ ਦਾ ਇਹ ਇਲਾਜ ਕੀਤਾ ਜਾਂਦਾ ਹੈ ਉਹਨਾਂ ਨੂੰ ਇਲਾਜ਼ ਦੌਰਾਨ ਲੱਗਦਾ ਹੈ ਜਿਵੇਂ ਉਹਨਾਂ ਨੂੰ ਫਲੂ ਹੋਵੇ (ਥਕਾਨ, ਮਾਸ ਪੇਸ਼ੀਆਂ ਵਿੱਚ ਦਰਦ, ਸਿਰ ਦਰਦ)।
 • ਨਿਉਕਲਿਓਸਾਈਡ ਐਨਾਲੌਗਜ਼ – ਮੂੰਹ ਰਾਹੀਂ ਦਿੱਤੇ ਜਾਂਦੇ ਹਨ:
  • ਵਾਇਰਸ ਦੇ ਹੋਰ ਵਧਣ ਵਿੱਚ ਅੜਿੱਕਾ ਪਾਉਂਦੇ ਹਨ
  • ਵਾਇਰਸ ਦੇ ਵਧਣ ਨੂੰ ਰੋਕਦੇ ਹਨ ਪਰ ਖਤਮ ਨਹੀਂ ਕਰਦੇ
  • ਹਰ ਰੋਜ਼ ਲੈਣੇ ਪੈਂਦੇ ਹਨ ਅਤੇ ਇਲਾਜ ਦੀ ਕੋਈ ਸਮਾਂ ਸੀਮਾ ਨਹੀਂ
  • ਕਿਉਂਕਿ ਵਾਇਰਸ ਜਿਉਂਦੇ ਹੁੰਦੇ ਹਨ ਤਾਂ ਐਂਟੀਵਾਇਰਲ ਦਵਾਈਆਂ ਵਿਰੁੱਧ ਪ੍ਰਤੀਰੋਧ ਵਿਕਸਿਤ ਹੋ ਸਕਦਾ ਹੈ। ਪ੍ਰਤੀਰੋਧ ਵਿਕਸਿਤ ਹੋਣ ਨੂੰ ਆਮ ਤੌਰ ‘ਤੇ ਕਈ ਸਾਲ ਲੱਗਦੇ ਹਨ ਪਰ ਜਦੋਂ ਇਹ ਇੱਕ ਵਾਰ ਹੋ ਜਾਂਦਾ ਹੈ ਤਾਂ ਦਵਾਈ ਅੰਦਰ ਤਬਦੀਲੀ ਲਾਜ਼ਮੀ ਹੁੰਦੀ ਹੈ ਨਹੀਂ ਤਾਂ ਵਾਇਰਸ ਮੁੜ ਵਧੇਗਾ ਅਤੇ ਜਿਗਰ ਦਾ ਨੁਕਸਾਨ ਕਰ ਸਕਦਾ ਹੈ।

ਦਵਾਈਆਂ ਜਿਗਰ ਦਾ ਨੁਕਸਾਨ ਘਟਾਉਣ ਦਾ ਅਸਥਾਈ ਹੱਲ ਹਨ।  ਇਸ ਲਈ ਗੰਭੀਰ ਜਿਗਰ ਰੋਗ ਤੋਂ ਪੀੜਿਤ ਮਰੀਜ਼ਾਂ ਨੂੰ ਇਲਾਜ ਤੋਂ ਫਾਇਦਾ ਮਿਲ ਸਕਦਾ ਹੈ।  ਕੁੱਝ ਮਰੀਜ਼ਾਂ ਦੇ ਜਿਗਰ ਦਾ ਗੰਭੀਰ ਨੁਕਸਾਨ ਹੋਇਆ ਹੁੰਦਾ ਹੈ ਪਰ ਉਹ ਪੂਰੀ ਤਰ੍ਹਾਂ ਠੀਕ ਮਹਿਸੂਸ ਕਰਦੇ ਹਨ ਅਤੇ ਹੈਪੇਟਾਇਟਸ ਬੀ ਦੇ ਕੋਈ ਲੱਛਣ ਨਹੀਂ ਦਿਸਦੇ। ਸਿਰਫ਼ ਪਰਿਵਾਰਕ ਡਾਕਟਰ ਅਤੇ ਜਿਗਰ ਮਾਹਰ ਹੀ ਪਤਾ ਲਾ ਸਕਦਾ ਹੈ ਕਿ ਜਿਗਰ ਦਾ ਰੋਗ ਗੰਭੀਰ ਹੈ ਅਤੇ ਇਲਾਜ ਦੀ ਜ਼ਰੂਰਤ ਹੈ।  ਕੁੱਝ ਮਰੀਜ਼ਾਂ ਨੂੰ ਖੂਨ ਦੀ ਜਾਂਚ ਜਾਂ ਜਿਗਰ ਦੇ ਟਿਸ਼ੁ ਸੈਂਪਲ (ਲੀਵਰ ਬਾਇਓਪਸੀ) ਵਰਗੇ ਟੈਸਟਾਂ ਦੀ ਲੋੜ ਹੁੰਦੀ ਹੈ।

ਜੇ ਤੁਹਾਨੂੰ ਹੈਪੇਟਾਇਟਸ ਬੀ ਲਈ ਦਵਾਈ ਦਿੱਤੀ ਗਈ ਹੈ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਦੱਸੇ ਮੁਤਾਬਕ ਦਵਾਈ ਲਓ।  ਜੇਕਰ ਇਲਾਜ ਰੁਕ ਜਾਂਦਾ ਹੈ ਜਾਂ ਅਧੂਰਾ ਰਹਿ ਜਾਂਦਾ ਹੈ ਤਾਂ ਹੈਪੇਟਾਇਟਸ ਬੀ ਵਿੱਚ ਦਵਾਈ ਪ੍ਰਤੀਰੋਧਕਤਾ ਵਿਕਸਿਤ ਹੋਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ। ਇਹ ਭਵਿੱਖ ਵਿੱਚ ਇਲਾਜ ਨੂੰ ਵਧੇਰੇ ਮੁਸ਼ਕਿਲ ਕਰੇਗਾ।  ਜੇ ਮਾੜੇ ਪ੍ਰਭਾਵ ਅਸਹਿਣਸ਼ੀਲ ਹਨ ਤਾਂ ਤੁਹਾਡਾ ਪਰਿਵਾਰਕ ਡਾਕਟਰ ਅਤੇ ਜਿਗਰ ਮਾਹਰ ਇਲਾਜ ਜਾਰੀ ਰੱਖਣ ਲਈ ਸਹਾਇਤਾ ਕਰ ਸਕਦਾ ਹੈ।  ਸਿਰਫ਼ ਤੁਹਾਡਾ ਪਰਿਵਾਰਕ ਡਾਕਟਰ ਅਤੇ ਜਿਗਰ ਮਾਹਰ ਹੀ ਦੱਸ ਸਕਦਾ ਹੈ ਕਿ ਤੁਹਾਨੂੰ ਇਲਾਜ ਦੀ ਜ਼ਰੂਰਤ ਹੈ, ਕਿਉਂਕਿ ਕਈ ਮਰੀਜ਼ਾਂ ਨੂੰ ਇਲਾਜ ਦੀ ਜ਼ਰੂਰਤ ਨਹੀਂ ਹੁੰਦੀ।

ਹੈਪੇਟਾਇਟਸ ਬੀ ਦਾ ਪੂਰੀ ਤਰ੍ਹਾਂ ਇਲਾਜ ਬਹੁਤ ਮੁਸ਼ਕਿਲ ਹੈ।  ਸਾਡੇ ਕੋਲ ਬਿਮਾਰੀ ਨੂੰ ਕੰਟਰੋਲ ਕਰਨ ਲਈ ਨਵੀਆਂ ਦਵਾਈਆਂ ਹਨ ਪਰ ਉਹਨਾਂ ਦੇ ਮਾੜੇ ਪ੍ਰਭਾਵ ਹਨ।  ਹੈਪੇਟਾਇਟਸ ਬੀ ਦਾ ਸਭ ਤੋਂ ਵਧੀਆ ਇਲਾਜ ਬਚਾਅ ਹੀ ਹੈ।  ਬਚਾਅ ਦਾ ਭਾਵ ਖੁਦ ਲਈ ਬਿਮਾਰੀ ਦੇ ਖਤਰੇ ਨੂੰ ਪਛਾਣਨਾ, ਜਾਂਚ ਕਰਵਾਉਣੀ ਅਤੇ ਇਮਿਉਨਾਇਜੇਸ਼ਨ ਕਰਵਾਉਣਾ ਹੈ।  ਇਮਿਉਨਾਇਜੇਸ਼ਨ ਨਾਲ ਪਹਿਲਾਂ ਹੀ ਸੰਕਰਮਿਤ ਵਿਅਕਤੀ ਨੂੰ ਲਾਭ ਨਹੀਂ ਹੁੰਦਾ।

ਹੈਪੇਟਾਇਟਸ ਬੀ ਖੂਨ ਦੇ ਸੰਪਰਕ ਜਾਂ ਸਰੀਰਕ ਤਰਲਾਂ ਰਾਹੀਂ ਫੈਲਦਾ ਹੈ।  ਹੇਠ ਦੱਸੇ ਲੋਕ ਹੈਪੇਟਾਇਟਸ ਬੀ ਸੰਕਰਮਣ ਦੇ ਬਹੁਤੇ ਖਤਰੇ ਵਿੱਚ ਹੁੰਦੇ ਹਨ ਅਤੇ ਇਸਲਈ ਟੈਸਟ ਕਰਵਾਉਣਾ ਚਾਹੀਦਾ ਹੈ:

 • ਦੱਖਣ ਪੂਰਬੀ ਏਸ਼ੀਆ ਵਿੱਚ ਜੰਮੇ ਲੋਕ ਵਧੇਰੇ ਖਤਰੇ ਵਿੱਚ ਹੁੰਦੇ ਹਨ ਕਿਉਂਕਿ ਤਕਰੀਬਨ 8% ਆਬਾਦੀ ਨੂੰ ਹੈਪੇਟਾਇਟਸ ਬੀ ਹੈ
 • ਜੇ ਦੱਖਣ ਪੂਰਬੀ ਏਸ਼ੀਆ ਵਿੱਚ ਤੁਹਾਡੀ ਬਚਪਨ ਵਿੱਚ ਇਮਉਨਇਜੇਸ਼ਨ ਸਾਂਝੀਆਂ ਸਰਿੰਜਾਂ ਨਾਲ ਹੋਈ ਸੀ
 • ਸੰਕਰਮਿਤ ਪਾਰਟਨਰ ਨਾਲ ਬਿਨ੍ਹਾਂ ਸੁਰੱਖਿਆ ਜਿਣਸੀ ਸੰਚਾਰ ਹੋ ਸਕਦਾ ਹੈ
 • ਕਈ ਸੰਕਰਮਣ ਜਨਮ ਵੇਲੇ ਬੱਚੇ ਨੂੰ ਮਾਂ ਤੋਂ ਵਾਇਰਸ ਦੇ ਆਉਣ ਨਾਲ ਹੁੰਦੇ ਹਨ
 • ਜੇ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਜਿਗਰ ਦਾ ਕੈਂਸਰ ਹੋਵੇ ਜਾਂ ਕਿਸੇ ਘਰੇਲੂ ਸੰਪਰਕ ਨੂੰ ਹੈਪੇਟਾਇਟਸ ਬੀ ਹੋਇਆ ਹੋਵੇ
 • ਬੱਚੇ ਅਤੇ ਨਿਆਣੇ ਚਿਰਕਾਲੀ ਹੈਪੇਟਾਇਟਸ ਬੀ ਦੀ ਵਿਕਾਸ ਲਈ ਸਭ ਤੋਂ ਵੱਧ ਖਤਰੇ ਹੇਠ ਹੁੰਦੇ ਹਨ

ਇਹਨਾਂ ਸਮੂਹਾਂ ਦੀ ਸੰਕਰਮਣ ਤੋਂ ਬਿਹਤਰੀਨ ਬਚਾਅ ਲਈ ਇਮਿਊਨਾਇਜੇਸ਼ਨ ਹੋਣੀ ਚਾਹੀਦੀ ਹੈ।  ਸਭ ਤੋਂ ਅਸਰਦਾਰ ਬਚਾਅ ਸਾਰੇ ਘਰੇਲੂ ਸੰਪਰਕਾਂ ਦੀ ਵਾਇਰਸ ਲਈ ਇਮਿਊਨਾਇਜੇਸ਼ਨ ਹੈ।  ਇਮਿਊਨਾਇਜੇਸ਼ਨ 3 ਟੀਕਿਆਂ ਦੀ ਇੱਕ ਲੜੀ ਹੈ ਜਿਸ ਵਿੱਚ ਟੀਕਿਆਂ ਵਿੱਚ ਘੱਟੋ ਘੱਟ 4 ਹਫ਼ਤੇ ਦੀ ਵਿੱਥ ਹੋਣੀ ਚਾਹੀਦੀ ਹੈ।  ਹੈਮਿਓਡਾਇਆਲਿਸਿਸ ਲੈਣ ਵਾਲੇ ਮਰੀਜ਼, ਜੋ ਕਿ ਸੂਈਆਂ ਰਾਹੀਂ ਸੰਕਰਮਣ ਦੇ ਵੱਡੇ ਖਤਰੇ ਹੇਠ ਹੁੰਦੇ ਹਨ, ਉਹਨਾਂ ਨੂੰ ਨਿਯਮਬੱਧ ਇਮਿਊਨਾਇਜੇਸ਼ਨ ਕਰਾਉਣੀ ਚਾਹੀਦੀ ਹੈ।

ਹੈਪੇਟਾਇਟਸ ਸੀ

ਹੈਪੇਟਾਇਟਸ ਸੀ ਇੱਕ (ਕਈ ਕਿਸਮ ਦੇ) ਵਾਇਰਸਾਂ ਦਾ ਸਮੂਹ ਹੈ ਜਿਸ ਨੂੰ ਅੱਗੇ 6 ਵੱਖਰੇ ਜੀਨੋਟਾਈਪਾਂ (ਜੀ1-6) ਦੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ- ਹੋਰ ਸ਼ਬਦਾਂ ਵਿੱਚ ਵੰਡ ਜਨੈਟਿਕ ਹੈ। ਉੱਤਰੀ ਅਮਰੀਕਾ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਸਭ ਤੋਂ ਆਮ ਜੀਨੋਟਾਈਪਾਂ 1-3 ਹਨ। ਕੀ ਇਹ ਜੀਨੋਟਾਈਪਾਂ ਆਖਿਰੀ ਪੜਾਆਂ ‘ਤੇ ਜਿਗਰ ਦੀ ਬਿਮਾਰੀ ਲਾਈ ਮਾਅਨੇ ਰਖਦੇ ਹਨ? ਇਹ ਅਜੇ ਵਿਵਾਦਗਰਸਤ ਹੈ। ਫਿਰ ਵੀ ਇਹ ਸਾਫ ਹੈ ਕਿ ਹੈਪੇਟਾਇਟਸ ਸੀ ਜੀਨੋਟਾਈਪ ਵੱਖਰੇ ਇਲਾਜ਼ਾਂ ਦੇ ਸੰਬੰਧ ਵਿੱਚ ਪ੍ਰਸੰਗਕ ਹੈ।

ਜੀਨੋਟਾਈਪ 1 ਇਲਾਜ ਪ੍ਰਤੀ ਸਭ ਤੋਂ ਵੱਧ ਪ੍ਰਤੀਰੋਧਕ ਹੈ ਅਤੇ ਮੰਦਭਾਗਾ ਹੈ ਕਿਉਂਕਿ ਇਹ ਹੀ ਉੱਤਰੀ ਅਮਰੀਕਾ ਅੰਦਰ ਸਭ ਤੋਂ ਵੱਧ ਮਿਲਦਾ ਹੈ (ਹਾਇਪੇਟਾਇਟਸ ਸੀ ਦੇ ਤਕਰੀਬਨ 70% ਸੰਕਰਮਣ ਜੀਨੋਟਾਈਪ 1 ਹਨ)। ਜੀਨੋਟਾਈਪ 2 ਅਤੇ 3 ਮੁਕਾਬਲਤਨ ਇਲਾਜ ਕਰਨ ਲਈ ਸੌਖੇ ਹਨ। ਉੱਤਰੀ ਅਮਰੀਕਾ ਵਿੱਚ ਸਭ ਤੋਂ ਘੱਟ ਮਿਲਣ ਵਾਲੇ ਜੀਨੋਟਾਈਪ (4-6) ਜੀਨੋਟਾਈਪ 1 ਵਰਗੇ ਹਨ।

ਇਸ ਸਦੀ ਦੀ ਸ਼ੁਰੂਆਤ ਤੱਕ ਹੈਪੇਟਾਇਟਸ ਸੀ ਦਾ ਇਲਾਜ ਬੜੀ ਤੇਜ਼ੀ ਨਾਲ ਵਿਕਸਿਤ ਹੋਇਆ ਹੈ। ਪਰ 2001-2003 ਵਿੱਚ ਕੋਈ ਨਵਾਂ ਇਲਾਜ ਉਤਪਾਦ ਮੰਡੀ ਵਿੱਚ ਨਹੀਂ ਆਇਆ। ਬਿਲਕੁਲ ਹੁਣ ਦਾ ਸਮਾਂ ਤਬਦੀਲੀ ਦਾ ਸਮਾਂ ਹੈ ਕਿਉਂਕਿ ਕੁੱਝ ਨਵੀਆਂ ਦਵਾਈਆਂ (ਇੱਕ ਸਮੂਹ ਜਿਸਨੂੰ ਪ੍ਰੋਟੀਜ਼ ਇਨਹਿਬਟਰ ਕਿਹਾ ਜਾਂਦਾ ਹੈ ਜਿਵੇਂ ਟੈਲੀਪਰਾਵੀਰ ਅਤੇ ਬੈਕੈਪਟੋਵੀਰ) ਸ਼ੁਰੂਆਤੀ ਅਧਿਐਨ ਪੂਰੇ ਕਰ ਲਏ ਹਨ ਜੋ ਸਰਕਾਰੀ ਨਿਯਮਾਂ ਕਾਰਨ ਲਾਜ਼ਮੀ ਹਨ। ਅਧਿਐਨ ਕਰਤਾ ਹੁਣ ਮਰੀਜ਼ਾਂ ਨੂੰ ਕਲੀਨਕਲ ਟ੍ਰਾਇਲ ਲਈ ਭਰਤੀ ਕਰ ਰਹੇ ਹਨ। ਇਹ ਟੈਸਟ ਸਰਕਾਰ ਵੱਲੋਂ ਹੋਰ ਸਪਸ਼ਟ ਅਤੇ ਸਖਤ ਨਿਯਮਾਂ ਤਹਿਤ ਲਾਗੂ ਕੀਤੇ ਜਾਣਗੇ। ਆਸ ਹੈ ਕਿ ਇਹ ਦਵਾਈਆਂ 2010 ਤੱਕ ਵਪਾਰਕ ਲਾਈਸੈਂਸ ਹਾਸਲ ਕਰ ਲੈਣਗੀਆਂ ਅਤੇ ਮੰਡੀ ਵਿੱਚ ਆ ਜਾਣਗੀਆਂ।  ਪਰ ਸੰਬੰਧਤ ਸਰਕਾਰੀ ਏਜੰਸੀਆਂ ਜਿਵੇਂ ਬੀਸੀ ਫ਼ਾਰਮਾਕੇਅਰ ਦੀ ਫੰਡਿੰਗ ਪਾਲਸੀ ਦੇ ਸਮਰਥਨ ਲਈ ਅਜੇ ਕਾਫੀ ਸਮਾਂ ਲੱਗ ਸਕਦਾ ਹੈ। ਪੌਲੀਮਰੇਜ਼ ਇਨਹਿਬਟਰ ਦੇ ਦੂਜੇ ਪੜਾਅ ਦੇ ਟੈਸਟਿੰਗ ਨਤੀਜੇ ਅਮਰੀਕਾ ਅਤੇ ਯੂਰਪ ਦੀਆਂ ਕਾਨਫਰੰਸਾਂ ਅੰਦਰ ਵਿਚਾਰ ਚਰਚਾ ਲਈ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ। ਰਿਪੋਰਟ ਮੁਤਾਬਕ ਇਹ ਮੰਡੀ ਅੰਦਰ ਮੌਜੂਦ ਇਲਾਜਾਂ ਦੇ ਮੁਕਾਬਲੇ ਵਧੇਰੇ ਅਸਰਦਾਰ ਹਨ।

1990ਵਿਆਂ ਦੌਰਾਨ, ਸਟੈਂਡਰਡ ਇੰਟਰਫ਼ਿਰੋਨ ( ਜੋ ਦੋਵੇਂ ਐਂਟੀਵਾਇਰਲ ਅਤੇ ਇਮਿਊਨ ਪ੍ਰਣਾਲੀ ਨੂੰ ਮਜਬੂਤ ਕਰਨ ਦੇ ਦੋਵੇਂ ਕੰਮ ਕਰਦਾ ਹੈ) ਇਕੱਲੀ ਉਪਲਬਧ ਦਵਾਈ ਸੀ। ਇਹ ਇਲਾਜ ਨਿਰਸ਼ਜਨਕ ਸੀ – ਸਿਰਫ਼ 20% ਮਰੀਜ਼ਾਂ ਵਿੱਚ ਵਾਇਰਸ ਸਾਫ ਹੁੰਦਾ ਸੀ। 1998 ਵਿੱਚ ਸਟੈਂਡਰਡ ਇੰਟਰਫ਼ਿਰੋਨ ਅਤੇ ਰੀਬਾਵੀਰਿਨ ਕੰਬੀਨੇਸ਼ਨ ਇਲਾਜ ਸਾਹਮਣੇ ਆਇਆ। ਇਹ 48 ਹਫ਼ਤੇ ਦਾ ਇਲਾਜ ਹੈ ਅਤੇ ਨਤੀਜੇ ਇਸ ਤਰ੍ਹਾਂ ਹਨ: 30% ਜੀਨੋਟਾਈਪ 1 ਮਰੀਜ਼ ਹੈ ਹੈਪੇਟਾਇਟਸ ਸੀ ਵਾਇਰਸ ਤੋਂ ਮੁਕਤ ਹੋਏ; ਅਤੇ 65-69% ਜੀਨੋਟਾਈਪ 2-3 ਮਰੀਜ਼ ਹੈਪੇਟਾਇਟਸ ਸੀ ਵਾਇਰਸ ਤੋਂ ਮੁਕਤ ਹੋਏ। ਇਸ ਤੋਂ ਬਿਨ੍ਹਾਂ ਇਲਾਜ ਨੂੰ 48 ਹਫਤਿਆਂ ਤੋਂ ਘਟਾ ਕੇ 24 ਹਫਤਿਆਂ ਵਿੱਚ ਕਰਨ ਨਾਲ ਜੀਨੋਟਾਈਪ 1 ਜਾਂ 2 ਮਰੀਜ਼ਾਂ ਦੇ ਨਤੀਜਿਆਂ ਤੇ ਕੋਈ ਅਸਰ ਨਹੀਂ ਹੋਇਆ।

ਪੈਗੀਲੇਟਡ ਇੰਟਰਫ਼ਿਰੋਨ (ਪੀਈਜੀ ਆਈਐੱਫ਼ਐੱਨ) ਅਤੇ ਰੀਬਾਵੀਰਿਨ
ਪੈਗੀਲੇਟਡ ਇੰਟਰਫ਼ਿਰੋਨ ਹਫ਼ਤੇ ਵਿੱਚ ਇੱਕ ਵਾਰ ਲੈਣ ‘ਤੇ ਲੰਮੇ ਅਸਰ ਵਾਲਾ ਇੰਟਰਫ਼ਿਰੋਨ ਹੈ। ਰੀਬਾਵੀਰਿਨ ਨਾਲ ਸੁਮੇਲ ਵਿੱਚ ਲੈਣ ਤੇ ਇੱਕ ਸਪਸ਼ਟ ਐਂਟੀਵਾਇਰਲ ਅਸਰ ਦਿਸਦਾ ਹੈ। ਪੀਈਜੀ ਆਈਐੱਫ਼ਐੱਨ ਅਤੇ ਰੀਬਾਵੀਰਿਨ ਸੁਮੇਲ ਦਵਾਈ ਮੌਜੂਦਾ ਸਮੇਂ ਹੈਪੇਟਾਇਟਸ ਸੀ ਦਾ ਮੁੱਖ ਇਲਾਜ ਹੈ। ਜੀਨੋਟਾਈਪ 1 ਮਰੀਜ਼ਾਂ ਲਈ ਦਵਾਈ ਦੇ 48 ਹਫਤਿਆਂ ਦੌਰਾਨ ਹੈਪੇਟਾਇਟਸ ਮੁਕਤ ਹੋਣ ਦੀ ਆਸ ਹੈ। 42-50% ਜੀਨੋਟਾਈਪ 2 ਜਾਂ 3 ਮਰੀਜ਼ 24 ਹਫਤਿਆਂ ਦੇ ਇਲਾਜ ਨਾਲ 76-80% ਵਾਇਰਸ ਤੋਂ ਮੁਕਤ ਹੋ ਸਕਦੇ ਹਨ।

ਮਾੜੇ ਪ੍ਰਭਾਵ: ਰਵਾਇਤੀ ਇਲਾਜ ਦੇ ਮੁਕਾਬਲੇ ਇੰਟਰਫ਼ਿਰੋਨ ਕੰਬੀਨੇਸ਼ਨ ਥੈਰਪੀ, ਪੀਈਜੀ-ਆਈਐੱਫ਼ਐੱਨ ਅਤੇ ਰੀਬਾਵੀਰਿਨ ਸੁਮੇਲ ਸਰੀਰ ਜ਼ਿਆਦਾ ਆਸਾਨੀ ਨਾਲ ਲੈਂਦਾ ਹੈ। ਪਰ ਮਾੜੇ ਪ੍ਰਭਾਵ ਦਿਖਣੇ ਅਜੇ ਵੀ ਆਮ ਹਨ। ਆਮਤੌਰ ‘ਤੇ ਮਰੀਜ਼ ਨੂੰ ਇਹ ਲੱਛਣ ਦਿਸਦੇ ਹਨ:

 • ਥਕਾਵਟ
 • ਮਾਸ ਪੇਸ਼ੀਆਂ ਅਤੇ ਜੋੜ ਦਾ ਦਰਦ
 • ਪੇਟ ਵਿੱਚ ਗੜਬੜ
 • ਭੁੱਖ ਨਾ ਲੱਗਣਾ
 • ਚਿੜਚੜਾਪਣ
 • ਕੁੱਝ ਹੱਦ ਤੱਕ ਉਦਾਸੀਨਤਾ

ਇਹ ਲੱਛਣ ਆਮ ਦਵਾਈਆਂ ਜਿਵੇਂ ਟਾਇਲਨੋਲ, ਅਸੀਟਾਮੀਨੋਫੇਨ ਅਤੇ ਐਸਪਰੀਨ ਨਾਲ ਕੰਟਰੋਲ ਕੀਤੇ ਜਾ ਸਕਦੇ ਹਨ। ਕਿਉਂਕਿ ਆਮ ਤੌਰ ‘ਤੇ ਮਰੀਜ਼ ਇਹਨਾਂ ਲੱਛਣਾਂ ਨਾਲ ਨਿਪਟਣ ਵਿੱਚ ਚੰਗੇ ਹੋ ਜਾਂਦੇ ਹਨ।

ਉਦਾਸੀਨਤਾ ਕਈ ਵਾਰ ਬਹੁਤ ਗੰਭੀਰ ਹੋ ਜਾਂਦੀ ਹੈ ਅਤੇ ਕਈ ਮਰੀਜ਼ਾਂ ਨੂੰ ਐਂਟੀਡਿਪਰੈਸੈਂਟ ਲੈਣੇ ਪੈ ਸਕਦੇ ਹਨ। ਜੇ ਮਰੀਜ਼ ਦਾ ਗੰਭੀਰ ਡਿਪਰੈਸ਼ਨ ਦਾ ਇਤਿਹਾਸ ਹੈ ਤਾਂ ਡਾਕਟਰ ਨੂੰ ਇਹ ਇਲਾਜ ਨਹੀਂ ਦੇਣ ਚਾਹੀਦਾ। ਘੱਟ ਆਮ ਮਾੜੇ ਪ੍ਰਭਾਵ ਥਾਇਰਾਈਡ ਦੀ ਬਿਮਾਰੀ ਅਤੇ ਚਮੜੀ ਚਟਾਕ ਪੈਣਾ ਵੀ ਹਨ। ਫਿਰ ਵੀ ਪੀਈਜੀ-ਆਈਐੱਫ਼ਐੱਨ ਮਰੀਜ਼ ਦੀ ਬਿਮਾਰੀ ਨੂੰ ਉਤੇਜਿਤ ਜਾਂ ਖਰਾਬ ਕਰੇਗਾ। ਇਲਾਜ ਦੇ ਦੌਰਾਨ ਡਾਕਟਰ ਜਾਂ ਨਰਸ ਖੂਨ ਦੀ ਸਥਿਤੀ ਦਾ ਜਾਇਜ਼ਾ ਲੈਣਗੇ ਕਿਉਂਕਿ ਖੂਨ ਤੇ ਅਸਰ ਦੇ ਮਾਮਲੇ ਬਹੁਤ ਆਮ ਹਨ। ਇਹਨਾਂ ਸਾਈਡ ਇਫੈਕਟਾਂ ਦੇ ਬਾਵਜੂਦ ਇਹ ਦਵਾਈ ਦੱਸੇ ਮੁਤਾਬਕ ਲੈਂਦੇ ਰਹਿਣਾ ਬਹੁਤ ਜ਼ਰੂਰੀ ਹੈ, ਤੁਸੀਂ ਓਨਾ ਸਮਾਂ ਦਵਾਈ ਦੀ ਮਾਤਰਾ ਨਾ ਘਟਾਓ ਜਿਨ੍ਹਾਂ ਸਮਾਂ ਬਹੁਤ ਗੰਭੀਰ ਮਾੜੇ ਪ੍ਰਭਾਵ ਨਹੀਂ ਹੁੰਦੇ।

ਸੰਖੇਪ ਵਿੱਚ, ਹੈਪੇਟਾਇਟਸ ਸੀ ਇੱਕ ਗੰਭੀਰ ਬਿਮਾਰੀ ਹੈ ਜਿਸ ਦੇ ਸਿੱਟੇ ਵੱਜੋਂ ਸਿਰੋਸਿਸ, ਜਿਗਰ ਫੇਲ੍ਹ ਅਤੇ ਜਿਗਰ ਦਾ ਕੈਂਸਰ ਹੋ ਸਕਦਾ ਹੈ। ਜਿਗਰ ਟ੍ਰਾਂਸਪਲਾਂਟ ਲਈ ਅੰਗਾਂ ਦੀ ਪੂਰਤੀ ਬਹੁਤ ਘੱਟ ਹੈ ਅਤੇ ਇਸ ਲਈ ਕੁੱਝ ਭਾਗਸ਼ਾਲੀ ਲੋਕਾਂ ਦਾ ਹੀ ਜਿਗਰ ਟ੍ਰਾਂਸਪਲਾਂਟ ਹੋ ਸਕੇਗਾ। ਚੰਗਾ ਅਭਿਆਸ ਹੈ, ਹੈਪੇਟਾਇਟਸ ਸੀ ਦਾ ਸਿਰੋਸਿਸ ਹੋਣ ਤੋਂ ਪਹਿਲਾਂ ਇਲਾਜ ਕਰਨਾ ਹੈ। ਪੁਰਾਣੇ ਤਰੀਕਿਆਂ ਨਾਲ ਮੁਕਾਬਲੇ ਵਿੱਚ ਪੀਈਜੀ-ਆਈਐੱਫ਼ਐੱਨ ਅਤੇ ਰੀਬਾਵੀਰਿਨ ਸੁਮੇਲ ਨੇ ਹੈਪੇਟਾਇਟਸ ਸੀ ਦੇ ਇਲਾਜ ਦੇ ਅਸਰ ਨੂੰ ਕਾਫੀ ਵਧਾਇਆ ਹੈ। ਪਰ ਨਜਦੀਕੀ ਭਵਿੱਖ ਵਿੱਚ ਹੋਰ ਚੰਗੀਆਂ ਦਵਾਈਆਂ ਆਉਣੀਆਂ ਚਾਹੀਦੀਆਂ ਹਨ।

ਫੈਟੀ ਲੀਵਰ

ਫੈਟੀ ਲੀਵਰ ਦਾ ਕੋਈ ਇਲਾਜ ਨਹੀਂ ਹੈ। ਮਰੀਜ਼ਾਂ ਨੂੰ ਸ਼ਰਾਬ ਪੀਣਾ ਛੱਡਣਾ ਚਾਹੀਦਾ ਹੈ। ਕਾਫੀ ਮਾਤਰਾ ਵਿੱਚ ਸਬਜੀਆਂ ਅਤੇ ਫਲਾਂ ਦਾ ਸਿਹਤਮੰਦ ਭੋਜਨ ਲਾਹੇਵੰਦ ਹੈ। ਲਗਾਤਾਰ ਕਸਰਤ ਵੀ ਚੰਗੀ ਮੱਦਦ ਕਰਦੀ ਹੈ।

ਫੈਟੀ ਲੀਵਰ ਅਤੇ ਹੈਪੇਟਾਇਟਸ ਦੋਹਾਂ ਦਾ ਸਿੱਟਾ ਸਿਰੋਸਿਸ ਹੋ ਸਕਦਾ ਹੈ। ਜਦੋਂ ਵਿਅਕਤੀ ਨੂੰ ਇੱਕ ਵਾਰ ਸਿਰੋਸਿਸ ਹੋ ਜਾਵੇ ਤਾਂ ਉਸਦੇ ਜਿਗਰ ਦੇ ਕੰਮ ਕਰਨ ਦੀ ਸਮਰੱਥਾ ‘ਤੇ ਅਸਰ ਪੈਂਦਾ ਹੈ। ਸਿਰੋਸਿਸ ਦੇ ਹੈਪੇਟਾਇਟਸ ਨਾਲ ਬਹੁਤ ਮਿਲਦੇ ਜੁਲਦੇ ਚਿੰਨ ਅਤੇ ਲੱਛਣ ਹਨ। ਨਾਲ ਹੀ, 25% ਸਿਰੋਸਿਸ ਦੇ ਮਾਮਲੇ ਜਿਗਰ ਦਾ ਕੈਂਸਰ ਬਣ ਸਕਦੇ ਹਨ। ਇਸ ਲਈ ਆਪਣੇ ‘ਬਹੁਮੁੱਲੇ ਜਿਗਰ’ ਦੀ ਧਿਆਨ ਨਾਲ ਦੇਖਭਾਲ ਕਰੋ।

ਹੋਰ ਪੜ੍ਹਲੋ ਜੀ

ਡਾ . ਐਰਿਕ ਲਾਮ, ਗੈਸਟ੍ਰੋਇੰਟਰੋਲੌਜਿਸਟ ਦੀ ਸਮੱਗਰੀ

ਸਰੋਤ

Group 3

Video

ਭਾਰਤ ਦੀ ਯਾਤਰਾ

ਡਾ ਗੁਲਜ਼ਾਰ ਚੀਮਾ ਕੁੱਝ ਮਹੱਤਵਪੂਰਨ ਸੁਝਾਅ ਦਿੰਦੇ ਹਨ ਜੋ ਭਾਰਤ ਦੀ ਯਾਤਰਾ ਸਮੇਂ ਧਿਆਨ ਵਿੱਚ ਰੱਖਣ ਲਈ ਜ਼ਰੂਰੀ ਹਨ।

ਵੀਡੀਓ ਦੇਖੋ